ਗ਼ਦਰ ਇਤਿਹਾਸ ਅਤੇ ਕਿਸਾਨ ਅੰਦੋਲਨਾਂ ’ਤੇ ਕੇਂਦਰਿਤ ਹੋਵੇਗਾ ਗ਼ਦਰੀ ਬਾਬਿਆਂ ਦਾ ਮੇਲਾ

ਗ਼ਦਰ ਇਤਿਹਾਸ ਅਤੇ ਕਿਸਾਨ ਅੰਦੋਲਨਾਂ ’ਤੇ ਕੇਂਦਰਿਤ ਹੋਵੇਗਾ ਗ਼ਦਰੀ ਬਾਬਿਆਂ ਦਾ ਮੇਲਾ

ਪਾਲ ਸਿੰਘ ਨੌਲੀ
ਜਲੰਧਰ, 28 ਅਕਤੂਬਰ

ਇੱਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਜਾਣ ਵਾਲਾ 29ਵਾਂ ਗ਼ਦਰੀ ਬਾਬਿਆਂ ਦਾ ਮੇਲਾ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ 150ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਵਿਡ-19 ਕਾਰਨ ਇਸ ਵਾਰ ਮੇਲਾ ਸਿਰਫ ਇਕ ਦਿਨ ਦਾ ਹੋਵੇਗਾ। ਪਹਿਲੀ ਨਵੰਬਰ ਨੂੰ ਮੇਲੇ ਵਾਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ‘ਗ਼ਦਰੀ ਬਾਬਾ ਸੋਹਨ ਸਿੰਘ ਭਕਨਾ ਨਗਰ’ ਵਜੋਂ ਸਜਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਝੰਡਾ ਲਹਿਰਾਉਣ ਦੀ ਰਸਮ ਗ਼ਦਰੀ ਬਾਬਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੁੱਢਲੇ ਮੈਂਬਰ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਸੁਰਿੰਦਰ ਜਲਾਲਦੀਵਾਲ ਨਿਭਾਉਣਗੇ। ਉੱਘੇ ਨਾਟਕਕਾਰ ਡਾ. ਸਵਰਾਜਬੀਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਅਨੁਪਮਾ ਮੁੱਖ ਬੁਲਾਰੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲਾ ਫ਼ਿਰਕੂ ਫਾਸ਼ੀ ਹੱਲੇ, ਜਮਹੂਰੀ ਹੱਕਾਂ ’ਤੇ ਹੋ ਰਹੇ ਵਾਰ, ਬੁੱਧੀਜੀਵੀਆਂ ਉੱਪਰ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕਣ ਅਤੇ ਕੀਤੀ ਜਾ ਰਹੀ ਜ਼ੁਬਾਨਬੰਦੀ, ਕਿਸਾਨੀ ਸੰਘਰਸ਼ ਅਤੇ ਗ਼ਦਰ ਪਾਰਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਸਬੰਧੀ ਮੁੱਦਿਆਂ ’ਤੇ ਕੇਂਦਰਿਤ ਹੋਵੇਗਾ। ਇਸ ਮੌਕੇ ਕਵੀ ਦਰਬਾਰ ਤੋਂ ਬਾਅਦ ਦੁਪਹਿਰ ਸਮੇਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਖੂਹ ਦਾ ਡੱਡੂ’ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਚੰਡੀਗੜ੍ਹ (ਏਕੱਤਰ) ਵੱਲੋਂ ਖੇਡਿਆ ਜਾਏਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All