“ਆ ਗਏ ਘੈਂਟ ਮੁੰਡੇ !”: CM Bhagwant Mann ਨੇ ਰਿਹਾਇਸ਼ ’ਤੇ ਹਾਕੀ ਟੀਮਾਂ ਲਈ ਰੱਖੀ ‘ਗਾਲਾ ਡਿਨਰ’ ਪਾਰਟੀ
ਭਾਰਤੀ ਟੀਮ ਨੇ ਸੀਐੱਮ ਮਾਨ ਨੂੰ ਦਿੱਤੀ ਦਸਤਖਤ ਕੀਤੀ ਜਰਸੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਸ਼ਾਮ ਨੂੰ ਓਲਡ ਬਾਰਾਦਰੀ ਸਥਿਤ ਆਪਣੀ ਰਿਹਾਇਸ਼ ’ਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈ ਰਹੀਆਂ ਛੇ ਟੀਮਾਂ ਦੇ ਖਿਡਾਰੀਆਂ ਲਈ ਨਾਈਟ ਭੋਜ (ਗਾਲਾ ਡਿਨਰ) ਦਾ ਇੰਤਜ਼ਾਮ ਕੀਤਾ। ਉਨ੍ਹਾਂ ਦਾ ਘਰ ਸਜਾਵਟੀ ਰੰਗ ਬਿਰੰਗੀਆਂ ਲੜੀਆਂ ਨਾਲ ਰੌਸ਼ਨ ਕੀਤਾ ਗਿਆ ਸੀ ਅਤੇ ਬਗੀਚੇ ਦੇ ਖੇਤਰ ਵਿੱਚ ਲਗਾਏ ਗਏ ਝਾੜ-ਫ਼ਾਨੂਸਾਂ ਨਾਲ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਖਾਣ-ਪੀਣ ਦਾ ਵੀ ਵਧੀਆ ਪ੍ਰਬੰਧ ਸੀ। ਮਲੇਸ਼ੀਆ, ਚੀਨ, ਦੱਖਣੀ ਕੋਰੀਆ, ਬੰਗਲਾਦੇਸ਼ ਅਤੇ ਜਾਪਾਨ ਦੀਆਂ ਟੀਮਾਂ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਰਿਹਾਇਸ਼ ਦਾ ਦੌਰਾ ਕੀਤਾ।
ਮਾਨ ਨੇ ਨੀਲੇ ਰੰਗ ਦੀਆਂ ਟੀ-ਸ਼ਰਟਾਂ ਪਾਈ ਭਾਰਤੀ ਟੀਮ ਦਾ ਹੱਥ ਮਿਲਾ ਕੇ "ਆ ਗਏ ਘੈਂਟ ਮੁੰਡੇ!" ਕਹਿ ਕੇ ਸਵਾਗਤ ਕੀਤਾ। ਉਨ੍ਹਾਂ ਅੱਗੇ ਪੁੱਛਿਆ, "ਤੁਹਾਨੂੰ ਸਾਰੇ ਪ੍ਰਬੰਧ ਕਿਹੋ ਜਿਹੇ ਲੱਗ ਰਹੇ ਹਨ? ਅਸੀਂ ਆਖਰਕਾਰ ਜਲੰਧਰ ਵਿੱਚ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਹੈ। ਤੁਸੀਂ ਬੀਤੀ ਸ਼ਾਮ ਬਹੁਤ ਵਧੀਆ ਖੇਡੇ। ਅਸੀਂ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਮੌਕਾ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਆਪਣੇ ਘਰੇਲੂ ਮੈਦਾਨ ’ਤੇ ਖੇਡਣ ਦਾ ਇੱਕ ਵੱਖਰਾ ਹੀ ਉਤਸ਼ਾਹ ਹੁੰਦਾ ਹੈ।"
ਭਾਰਤੀ ਟੀਮ ਨੇ ਵਿਸ਼ੇਸ਼ ਧੰਨਵਾਦ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਦਸਤਖਤ ਕੀਤੀ ਹੋਈ ਭਾਰਤੀ ਟੀਮ ਦੀ ਜਰਸੀ ਅਤੇ ਇੱਕ ਹਾਕੀ ਸਟਿਕ ਭੇਟ ਕੀਤੀ। ਇਸ ਮੌਕੇ ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ, ਬਲਵਿੰਦਰ ਸ਼ੰਮੀ ਸਮੇਤ ਸੀਨੀਅਰ ਹਾਕੀ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਸਮੇਤ ਹਾਕੀ ਇੰਡੀਆ ਦੇ ਅਧਿਕਾਰੀ ਵੀ ਹਾਜ਼ਰ ਸਨ। ਸ਼ਾਮ ਦਾ ਅੰਤ ਮੁੱਖ ਮੰਤਰੀ ਵੱਲੋਂ ਭਾਰਤੀ ਟੀਮ ਅਤੇ ਹਾਕੀ ਇੰਡੀਆ ਦੇ ਸਟਾਫ ਨਾਲ ਗਰੁੱਪ ਫੋਟੋ ਖਿਚਵਾਉਣ ਨਾਲ ਹੋਇਆ।

