ਪਾਲ ਸਿੰਘ ਨੌਲੀ
ਜਲੰਧਰ, 6 ਮਈ
ਕਰੋਨਾ ਦੀ ਲਾਗ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਗੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਬੰਦ ਕਰਨ ਤੋਂ ਇੱਥੋਂ ਦੇ ਬਿਜਲੀ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰ ਲੋਹੇ-ਲਾਖੇ ਹੋ ਗਏ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਗਰਮੀਆਂ ਵਿੱਚ ਉਨ੍ਹਾਂ ਕੋਲ ਦੋ-ਤਿੰਨ ਹਫਤੇ ਹੀ ਸਾਮਾਨ ਵੇਚਣ ਦੇ ਹੁੰਦੇ ਹਨ। ਹੁਣ ਜਦੋਂ ਗਰਮੀਆਂ ਲਈ ਵਰਤੇ ਜਾਣ ਵਾਲੇ ਕੂਲਰ, ਪੱਖੇ, ਏਸੀ ਤੇ ਹੋਰ ਸਾਮਾਨ ਨਾਲ ਦੁਕਾਨਾਂ ਭਰੀਆਂ ਪਈਆਂ ਹਨ ਤਾਂ ਕਰੋਨਾ ਕਰਕੇ ਖੜ੍ਹੇ ਹੋਏ ਸੰਕਟ ਨਾਲ ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਗਏ ਹਨ। ਫਗਵਾੜਾ ਗੇਟ ਦੀ ਇਸ ਮਾਰਕੀਟ ਵਾਲੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਹਲਕਾ ਵਿਧਾਇਕ ਰਜਿੰਦਰ ਬੇਰੀ ਨਾਲ ਗੱਲਬਾਤ ਕੀਤੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰੋਜ਼ਾਨਾ ਚਾਰ ਘੰਟੇ ਦੁਕਾਨਾਂ ਖੋਲ੍ਹਣ ਦਿੱਤੀਆਂ ਜਾਣ।
ਜਲੰਧਰ ਇਲੈਕਟ੍ਰੀਕਲ ਟ੍ਰੇਡਰ ਫੈੱਡਰੇਸ਼ਨ ਫਗਵਾੜਾ ਗੇਟ ਦੇ ਮੁੱਖ ਪ੍ਰਬੰਧਕ ਸੁਰੇਸ਼ ਗੁਪਤਾ ਨੇ ਕਰੋਨਾ ਕਰਕੇ ਲੱਗੇ ਲੌਕਡਾਊਨ ਨਾਲ ਕਾਰੋਬਾਰ ’ਤੇ ਪਏ ਬੁਰੇ ਅਸਰ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਦੁਕਾਨਾਂ ਅੰਦਰ ਸਟਾਕ ਭਰਿਆ ਪਿਆ ਹੈ ਤੇ ਹਾਲਾਤ ਬਰਦਾਸ਼ਤ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਮੋਬਾਈਲ ਰਿਪੇਅਰ ਕਰਨ ਵਾਲੇ ਦੁਕਾਨਦਾਰਾਂ ਨੇ ਵੀ ਪੁਲੀਸ ਦੀ ਧੱਕੇਸ਼ਾਹੀ ’ਤੇ ਗੁੱਸਾ ਕੱਢਿਆ ਕਿ ਕਿਵੇਂ ਉਹ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਦੁਕਾਨਦਾਰਾਂ ਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਨੇ ਮੌਕੇ ’ਤੇ ਪਹੁੰਚ ਕੇ ਜਿੱਥੇ ਦੁਕਾਨਦਾਰਾਂ ਦਾ ਸਾਥ ਦਿੱਤਾ, ਉੱਥੇ ਪੁਲੀਸ ਦੇ ਵਤੀਰੇ ਦੀ ਨਿੰਦਾ ਵੀ ਕੀਤੀ।
ਦੇਰ ਸ਼ਾਮ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਆਨਲਾਈਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਕਾਨਦਾਰਾਂ ਦੀ ਸਮੱਸਿਆ ਸਾਂਝੀ ਕੀਤੀ। ਸ੍ਰੀ ਬੇਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਕਰੋਨਾ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੀ ਦੁਕਾਨਾਂ ਖੋਲ੍ਹਣ ਬਾਰੇ ਫੈਸਲਾ ਕਰਨਗੇ। ਕਾਂਗਰਸੀ ਵਿਧਾਇਕ ਸ੍ਰੀ ਬੇਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੁਕਾਨਦਾਰਾਂ ਦਾ ਕੰਮ ਚੱਲੇ ਪਰ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਹੀ ਅੱਗੇ ਵਧਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਲ੍ਹਕੇ 7 ਮਈ ਨੂੰ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰ ਕੇ ਦੁਕਾਨਾਂ ਖੁੱਲ੍ਹਵਾਈਆਂ ਜਾਣਗੀਆਂ ਤੇ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ ਕਿ ਕਰੋਨਾ ਦੀ ਲਾਗ ਨਾ ਫੈਲੇ।