ਲਤੀਫਪੁਰਾ ਵਿੱਚ ਨਾਜ਼ਾਇਜ ਕਬਜ਼ੇ ਹਟਾਉਣ ਵੇਲੇ ਤਣਾਅ : The Tribune India

ਲਤੀਫਪੁਰਾ ਵਿੱਚ ਨਾਜ਼ਾਇਜ ਕਬਜ਼ੇ ਹਟਾਉਣ ਵੇਲੇ ਤਣਾਅ

ਜੇਸੀਬੀ ਮਸ਼ੀਨਾਂ ਰਾਹੀਂ ਢਾਹੇ ਜਾ ਰਹੇ ਆਸ਼ਿਆਨੇ ਦੇਖ ਕੇ ਲੋਕ ਹੋਏ ਗ਼ਮਗੀਨ

ਲਤੀਫਪੁਰਾ ਵਿੱਚ ਨਾਜ਼ਾਇਜ ਕਬਜ਼ੇ ਹਟਾਉਣ ਵੇਲੇ ਤਣਾਅ

ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਲਤੀਫਪੁਰਾ ਵਿੱਚ ਢਾਹੀ ਜਾ ਰਹੀ ਨਾਜਾਇਜ਼ ਉਸਾਰੀ। -ਫੋਟੋਆਂ: ਮਲਕੀਅਤ ਸਿੰਘ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਦਸੰਬਰ

ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ ਨੇੜੇ ਲਤੀਫਪੁਰਾ ਇਲਾਕੇ ਵਿੱਚ ਅੱਜ ਨਾਜਾਇਜ਼ ਕਬਜ਼ੇ ਹਟਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਤਣਾਅ ਵਾਲਾ ਮਾਹੌਲ ਬਣ ਗਿਆ। ਮਕਾਨਾਂ ’ਤੇ ਚੱਲੀਆਂ ਜੇਸੀਬੀ ਮਸ਼ੀਨਾਂ ਦੌਰਾਨ ਲੋਕਾਂ ਨੇ ਤਿੱਖਾ ਵਿਰੋਧ ਕੀਤਾ ਤੇ ਔਰਤਾਂ ਤੇ ਬੱਚੇ ਆਪਣੇ ਘਰ ਢਹਿਦੇ ਦੇਖ ਕੇ ਧਾਹਾਂ ਮਾਰ ਕੇ ਰੋ ਪਏ। ਪੀੜਤ ਲੋਕਾਂ ਨੇ ਡਿਚ ਮਸ਼ੀਨਾਂ ਅੱਗੇ ਖੜ੍ਹੇ ਹੋ ਕੇ ਇਸ ਮੁਹਿੰਮ ਦਾ ਵਿਰੋਧ ਕੀਤਾ। ਇੰਪਰੂਵਮੈਂਟ ਟਰੱਸਟ ਦੀ ਅਗਵਾਈ ਹੇਠ ਹੋਈ ਇਸ ਕਾਰਵਾਈ ਦੌਰਾਨ ਵੱਡੇ ਪੁਲੀਸ ਅਫਸਰਾਂ (ਦੋ ਡੀਸਪੀਜ਼) ਸਮੇਤ 700 ਤੋਂ ਵੱਧ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਪੀੜਤ ਲੋਕਾਂ ਦੇ ਹੱਕ ਵਿੱਚ ਕਿਸਾਨ ਜੱਥੇਬੰਦੀਆਂ ਦੇ ਕਾਰਕੁਨ ਵੀ ਪਹੁੰਚ ਗਏ ਸਨ। ਪੁਲੀਸ ਨੇ ਸਖਤੀ ਵਰਤਦਿਆਂ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕਾਂਗਰਸੀ ਕੌੰਸਲਰ ਅਰੁਣਾ ਅਰੋੜਾ ਨੂੰ ਪੁਲੀਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਸਾਰਾ ਦਿਨ ਇਸ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਰਿਹਾ।

ਜ਼ਿਕਰਯੋਗ ਹੈ ਕਿ ਇਹ ਨਾਜ਼ਾਇਜ ਕਬਜ਼ੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਢਾਹੇ ਗਏ ਹਨ। ਪੁਲੀਸ ਨੇ ਸਵੇਰੇ 7 ਵਜੇ ਤੋਂ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਸੀ। ਕਾਰਪੋਰੇਸ਼ਨ ਦੀਆਂ ਚਾਰ ਜੇਸੀਬੀ ਮਸ਼ੀਨਾਂ ਲਗਾਤਾਰ ਲੋਕਾਂ ਦੇ ਮਕਾਨਾਂ ’ਤੇ ਚੱਲ ਰਹੀਆਂ ਸਨ। ਪੁਲੀਸ ਨੇ ਸਪੀਕਰ ਰਾਹੀ ਚਿਤਾਵਨੀ ਦਿੱਤੀ ਕਿ ਜੋ ਵੀ ਇਸ ਮਾਮਲੇ ਨੂੰ ਭੜਕਾਉਣ ਦਾ ਯਤਨ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡੀਸੀਪੀ ਜਗਮੋਹਨ ਸਿੰਘ ਅਤੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਥਾਣਿਆਂ ਅਤੇ ਪੁਲੀਸ ਲਾਈਨਾਂ ਤੋਂ 400 ਤੋਂ ਵੱਧ ਜਵਾਨ ਲਤੀਫਪੁਰਾ ਪਹੁੰਚੇ ਹੋਏ ਸਨ। ਡੀਸੀਪੀ ਜਗਮੋਹਨ ਸਿੰਘ ਨੇ ਉਥੇ ਮੌਜੂਦ ਲੋਕਾਂ ਦੀ ਅਗਵਾਈ ਕਰ ਰਹੇ ਆਗੂਆਂ ਨਾਲ ਗੱਲਬਾਤ ਵੀ ਕੀਤੀ।

ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਮਕਾਨਾਂ ਨੂੰ ਢਾਹੁਣਾ ਜਾਂ ਨਾ ਢਾਹੁਣਾ ਉਨ੍ਹਾਂ ਦਾ ਕੰਮ ਨਹੀਂ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਕਿਹਾ। ਜ਼ਿਕਰਯੋਗ ਹੈ ਕਿ ਲਤੀਫਪੁਰਾ ਦੇ ਕੁਝ ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਪਹਿਲਾਂ ਦਿੱਤੇ ਨੋਟਿਸ ਤੋਂ ਬਾਅਦ ਹੀ ਆਪਣੇ ਮਕਾਨ ਅਤੇ ਦੁਕਾਨਾਂ ਖਾਲੀ ਕਰ ਦਿੱਤੀਆਂ ਸਨ ਜੋ ਕਿ ਨਾਜਾਇਜ਼ ਤੌਰ ’ਤੇ ਬਣੀਆਂ ਹੋਈਆਂ ਸਨ।

ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਮੁੜ ਉਜਾੜਿਆ

ਢਹਿੰਦੇ ਹੋਏ ਮਕਾਨ ਦੇਖ ਕੇ ਰੋਂਦੀਆਂ ਹੋਈਆਂ ਮਹਿਲਾਵਾਂ।

ਲਤੀਫਪੁਰਾ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਇਥੇ ਲੋਕ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਉਜੜ ਕੇ ਆਏ ਸਨ। ਇਹ ਪਰਿਵਾਰ ਇੱਥੇ ਲਾਤੀਫਪੁਰਾ ਆ ਕੇ ਬੈਠੇ ਸਨ। ਗੁਰੂ ਤੇਗ ਬਹਾਦਰ ਨਗਰ ਦੀ ਸਕੀਮ ਬਣਨ ਸਮੇਂ 1972 ਤੋਂ ਲੈਕੇ ਇੱਥੇ ਨਾਜ਼ਾਇਜ਼ ਕਬਜ਼ੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਸਵਾ ਏਕੜ ਦੇ ਕਰੀਬ ਇਸ ਥਾਂ ਦੀ ਕੀਮਤ 150 ਕਰੋੜ ਰੁਪਏ ਹੈ। ਇੱਥੇ ਪਹਿਲਾਂ ਡੇਅਰੀਆਂ ਹੁੰਦੀਆਂ ਸਨ। ਜਦੋਂ ਡੇਅਰੀਆਂ ਸ਼ਹਿਰ ਵਿੱਚੋਂ ਬਾਹਰ ਕੱਢੀਆਂ ਗਈਆਂ ਤਾਂ ਕਈ ਲੋਕਾਂ ਨੇ ਉਸ ਤੋਂ ਬਾਅਦ ਕਬਜ਼ੇ ਨਹੀਂ ਛੱਡੇ ਸਨ। ਜਲੰਧਰ ਇੰਪਰੂਵਮੈਂਟ ਟਰੱਸਟ ਨੇ ਲਤੀਫਪੁਰਾ ਦੀ ਜ਼ਮੀਨ ਦੀ ਮਾਲਕੀ ਸਾਬਤ ਕਰਨ ਲਈ ਸੁਪਰੀਮ ਕੋਰਟ ਤੱਕ ਲੜਾਈ ਲੜੀ ਅਤੇ ਜਿੱਤੀ।

ਉਸਾਰੀਆਂ ਢਾਹੁਣ ਦਾ ਵਿਰੋਧ ਕਰਨ ਵਾਲੀ ਔਰਤ ਨੂੰ ਹਿਰਾਸਤ ’ਚ ਲੈਂਦੀ ਹੋਈ ਪੁਲੀਸ।

ਸੁਪਰੀਮ ਕੋਰਟ ਵਿੱਚ ਇਹ ਸਾਬਤ ਹੋਣ ਤੋਂ ਬਾਅਦ ਕਿ ਇਹ ਜ਼ਮੀਨ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਹੈ, ਇਸ ਦੇ ਕਬਜ਼ੇ ਲਈ ਲੜਾਈ ਸ਼ੁਰੂ ਹੋ ਗਈ। ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਬਜ਼ੇ ਸਬੰਧੀ ਚੱਲ ਰਹੇ ਕੇਸ ਵਿੱਚ ਨਗਰ ਸੁਧਾਰ ਟਰੱਸਟ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਰਿਪੋਰਟ ਮੰਗੀ ਹੈ। ਹੁਣ ਅਦਾਲਤ ਵਿੱਚ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਅਤੇ ਜੇਆਈਟੀ ਨੇ ਲਤੀਫਪੁਰਾ ਵਾਲੀ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All