328 ਪਾਵਨ ਸਰੂਪਾਂ ਦੇ ਮਾਮਲੇ ’ਤੇ ਸਿਆਸੀ ਲਾਹਾ ਲੈ ਰਹੀ ਸੂਬਾ ਸਰਕਾਰ: ਕੇਪੀ
ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਨੇ ਸੂਬਾ ਸਰਕਾਰ ’ਤੇ ਲਾਏ ਦੋਸ਼
ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਨੇ ਸੂਬਾ ਸਰਕਾਰ ਉੱਤੇ ਗੰਭੀਰ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਜਾਣ-ਬੁੱਝ ਕੇ ਰਾਜਨੀਤਿਕ ਤੌਰ ’ਤੇ ਵਰਤਿਆ ਜਾ ਰਿਹਾ ਹੈ। ਨਾਲ ਹੀ ਸਰਕਾਰ ਵੱਲੋਂ ਐੱਸਜੀਪੀਸੀ ਵਿੱਚ ਦਖਲ ਦੇਣ ਲਈ ਬਣਾਈ ਗਈ ਸਿੱਟ ਦਾ ਮਕਸਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਥਿਤ ਝੂਠੇ ਕੇਸ ਵਿੱਚ ਫਸਾਉਣ ਤੱਕ ਹੀ ਸੀਮਤ ਹੈ।
ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਭਾਈ ਈਸ਼ਰ ਸਿੰਘ ਦੀ ਰਿਪੋਰਟ ਵਿੱਚ ਕਿਤੇ ਵੀ ਪਾਵਨ ਸਰੂਪਾਂ ਦੀ ਚੋਰੀ ਜਾਂ ਬੇਅਦਬੀ ਦਾ ਜ਼ਿਕਰ ਨਹੀਂ ਹੈ। ਰਿਪੋਰਟ ਮੁਤਾਬਕ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੰਗਤਾਂ ਨੂੰ ਸੌਂਪੇ ਗਏ ਅਤੇ ਉਨ੍ਹਾਂ ਦੀ ਬਣਦੀ ਭੇਟਾ ਟਰਸਟ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ, ਨਾ ਹੀ ਇਸ ਸਬੰਧੀ ਕੋਈ ਬਿੱਲ ਜਾਰੀ ਕੀਤਾ ਗਿਆ।
ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਜੋ ਲੋਕ ਬੇਅਦਬੀ ਦੇ ਦੋਸ਼ ਲਗਾ ਰਹੇ ਹਨ, ਉਹ ਖੁਦ ਕਥਿਤ ਸ਼ਰਾਬ ਵਾਲੀ ਵੀਡੀਓ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਿਰਾਦਰ ਦੇ ਮਾਮਲਿਆਂ ’ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਦਾ ਹਿਸਾਬ ਮੰਗਣ ਵਾਲੇ ਆਪਣੀ ਸਰਕਾਰ ਦੇ ਦੌਰਾਨ ਹੋ ਰਹੀ ਕਥਿਤ ਲੁੱਟ ’ਤੇ ਖਾਮੋਸ਼ ਹਨ।
ਕੇਪੀ ਨੇ ਇਹ ਵੀ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ, ਜੋ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਦਾ ਨਿਰਾਦਰ ਕੀਤਾ ਗਿਆ, ਜਿਸ 'ਤੇ ਸੂਬੇ ਦੇ ਮੁੱਖ ਮੰਤਰੀ ਨੂੰ ਪਾਰਟੀ ਦੀ ਸੋਚ ਸਪਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਡਰ ਦੀ ਰਾਜਨੀਤੀ ਕਰ ਰਹੀ ਹੈ।
ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਬਚਿੱਤਰ ਸਿੰਘ ਕੁਹਾੜ, ਹਰਜਾਪ ਸਿੰਘ ਸੰਘਾ, ਹਰਿੰਦਰ ਸਿੰਘ ਢੀਂਡਸਾ, ਬਲਦੇਵ ਸਿੰਘ ਕਲਿਆਣ, ਜਥੇਦਾਰ ਰਣਜੀਤ ਸਿੰਘ ਕਾਹਲੋ, ਜਥੇਦਾਰ ਗੁਰਮੀਤ ਸਿੰਘ ਦਾਦੂਵਾਲ, ਮਹਿੰਦਰ ਪਾਲ ਸਿੰਘ ਗੁੰਬਰ ਅਤੇ ਯੂਥ ਆਗੂ ਅਮਰਬੀਰ ਸਿੰਘ ਹਾਜ਼ਰ ਸਨ।

