ਇਨਸਾਨੀਅਤ ਸ਼ਰਮਸਾਰ: ਪੰਜਾਬੀ ਬਾਗ ’ਚ ਕੂੜੇ ਦੇ ਢੇਰ ਵਿੱਚੋਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ
ਲਾਸ਼ ਦੀ ਹਾਲਤ ਬੇਹੱਦ ਖ਼ਰਾਬ, ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ
ਜਲੰਧਰ ਦੇ ਪੰਜਾਬੀ ਬਾਗ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕੂੜੇ ਦੇ ਢੇਰ ਵਿੱਚੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਮਿਲੀ ਲਾਸ਼ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਸ ਵਿੱਚ ਕੀੜੇ ਚਲ ਰਹੇ ਸਨ ਅਤੇ ਲਾਸ਼ ਗਰਮੀ ਕਾਰਨ ਗਲਣੀ ਸ਼ੁਰੂ ਹੋ ਗਈ ਹੈ। ਇਸ ਲਾਸ਼ ਨੂੰ ਸਭ ਤੋਂ ਪਹਿਲਾਂ ਕੂੜੇ ਵਿੱਚੋਂ ਲੋੜੀਂਦਾ ਸਮਾਨ ਕੱਢ ਕੇ ਵੇਚਣ ਵਾਲੇ ਇੱਕ ਔਰਤ ਨੇ ਦੇਖਿਆ ਸੀ।
ਇਸ ਸਬੰਧੀ ਸਥਾਨਕ ਨਿਵਾਸੀ ਰਕੇਸ਼ ਕੁਮਾਰ ਨੇ ਦੱਸਿਆ ਕਿ ਕੂੜਾ ਚੁੱਕਣ ਵਾਲੇ ਉਕਤ ਔਰਤ ਨੇ ਦੋ ਤਿੰਨ ਦਿਨ ਪਹਿਲਾਂ ਬੱਚੇ ਦੀ ਲਾਸ਼ ਦੇਖੀ ਸੀ ਅਤੇ ਉਸਨੇ ਇਸ ਸਬੰਧੀ ਨੇੜੇ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੂੰ ਜਾਣਕਾਰੀ ਵੀ ਦਿੱਤੀ ਸੀ। ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀ ਸੁਸ਼ੀਲ ਕੁਮਾਰ ਸਿੰਘ ਨੇ ਨਵ ਜੰਮੇ ਬੱਚੇ ਦੀ ਲਾਸ਼ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇੱਥੇ ਡਿਊਟੀ ਦੇ ਰਹੇ ਸੁਰੱਖਿਆ ਕਰਮਚਾਰੀ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕੀ ਫੋਰੈਨਸਿਕ ਟੀਮ ਦੇ ਆਉਣ ਤੋਂ ਬਾਅਦ ਬੱਚੇ ਦੀ ਮੌਤ ਤੇ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕੀ ਪੁਲੀਸ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਕਿ ਇਸ ਮਾਸੂਮ ਬੱਚੇ ਨੂੰ ਇੱਥੇ ਕੌਣ ਸਿੱਟ ਕੇ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ ਦੀ ਲਾਸ਼ ਇਸ ਹਾਲਤ ਵਿੱਚ ਮਿਲਣਾ ਬਹੁਤ ਹੀ ਮੰਦਭਾਗਾ ਹੈ।

