Safe School Vahan Policy: ਕਪੂਰਥਲਾ ਵਿੱਚ 19 ਸਕੂਲੀ ਬੱਸਾਂ ਦੀ ਚੈਕਿੰਗ; ਪੰਜ ਦੇ ਚਲਾਨ ਕੱਟੇ
ਸਕੂਲ ਪ੍ਰਬੰਧਕਾਂ ਨੂੰ 'ਸੇਫ ਸਕੂਲ ਵਾਹਨ ਨੀਤੀ' ਦੇ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ
ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ 'ਸੇਫ ਸਕੂਲ ਵਾਹਨ ਨੀਤੀ' ਤਹਿਤ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ।
ਆਰ ਟੀ ਓ ਹਰਕਮਲ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਅਧਿਕਾਰੀ ਰਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ, ਟਰੈਫਿਕ ਇੰਚਾਰਜ ਰੇਸ਼ਮ ਸਿੰਘ ਅਤੇ ਪੁਲੀਸ ਵਿਭਾਗ ਦੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਬਣੀ ਚੈਕਿੰਗ ਟੀਮ ਨੇ ਕੁੱਲ 19 ਸਕੂਲੀ ਬੱਸਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ। ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਪੰਜ ਸਕੂਲੀ ਬੱਸਾਂ ਦੇ ਚਲਾਨ ਕੱਟ ਦਿੱਤੇ ਗਏ।
ਟੀਮ ਨੇ ਸਕੂਲ ਪ੍ਰਬੰਧਕਾਂ ਨੂੰ 'ਸੇਫ ਸਕੂਲ ਵਾਹਨ ਨੀਤੀ' ਦੇ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਖਾਸ ਤੌਰ 'ਤੇ ਜ਼ੋਰ ਦਿੱਤਾ ਕਿ ਵਿਦਿਆਰਥਣਾਂ ਦੀ ਸੁਰੱਖਿਆ ਲਈ ਬੱਸਾਂ ਵਿੱਚ ਮਹਿਲਾ ਮੁਲਾਜ਼ਮ (ਅਟੈਂਡੈਂਟ) ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਸਾਂ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਣ, ਡਰਾਈਵਰ ਅਤੇ ਬਾਕੀ ਸਟਾਫ਼ ਦਾ ਕੋਈ ਅਪਰਾਧਿਕ ਪਿਛੋਕੜ ਨਾ ਹੋਵੇ, ਗੱਡੀਆਂ ਵਿੱਚ ਸਹੀ ਸਪੀਡ ਲਿਮਿਟਰ ਲੱਗੇ ਹੋਣ ਅਤੇ ਬੱਸਾਂ ਦੇ ਅੰਦਰ ਵਰਤੋਂ ਯੋਗ ਫਸਟ-ਏਡ ਕਿੱਟ ਤੇ ਅੱਗ ਬੁਝਾਉਣ ਵਾਲੇ ਯੰਤਰ (ਫਾਇਰ ਐਂਡਗੁਇਸ਼ਰ) ਹੋਣੇ ਲਾਜ਼ਮੀ ਹਨ।
ਅਧਿਕਾਰੀਆਂ ਨੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਸਕੂਲੀ ਵਾਹਨ ਇਸ ਨੀਤੀ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

