Punjab News: ਤਲਵਾੜਾ BBMB ਹਸਪਤਾਲ ਦੀ ਮਾੜੀ ਹਾਲਤ ਵਿਰੁੱਧ ਹਾਈਕੋਰਟ ’ਚ PIL ਦਾਇਰ
Punjab News: ਹਸਪਤਾਲ ਨੂੰ PGI ਜਾਂ AIIMS ਦਾ ਸੈਟੇਲਾਈਟ ਸੈਂਟਰ ਬਣਾਇਆ ਜਾਵੇ: ਪਟੀਸ਼ਨਰ
Punjab News: ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਸਥਿਤ 100 ਬਿਸਤਰਿਆਂ ਵਾਲੇ ਬੀ.ਬੀ.ਐਮ.ਬੀ. ਹਸਪਤਾਲ ਦੀ ਮਾੜੀ ਹਾਲਤ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ। ਤਲਵਾੜਾ ਨਿਵਾਸੀ ਸ਼ਿਵਮ ਕੁਮਾਰ ਸ਼ਰਮਾ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪ੍ਰਸ਼ਾਸਨਿਕ ਅਣਗਹਿਲੀ, ਸਟਾਫ਼ ਦੀ ਕਮੀ ਅਤੇ ਮਾੜੇ ਬੁਨਿਆਦੀ ਢਾਂਚੇ ਕਾਰਨ ਇਹ ਹਸਪਤਾਲ ਖ਼ੁਦ ਹੀ ‘ਬਿਮਾਰ’ ਹੋ ਚੁੱਕਾ ਹੈ। ਇਹ ਹਸਪਤਾਲ ਪੰਜਾਬ ਦੇ ਦਸੂਹਾ, ਮੁਕੇਰੀਆਂ ਅਤੇ ਟਾਂਡਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਲਈ ਇਲਾਜ ਦਾ ਇੱਕੋ-ਇੱਕ ਮੁੱਖ ਸਾਧਨ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 100 ਬਿਸਤਰਿਆਂ ਦਾ ਹਸਪਤਾਲ ਹੋਣ ਦੇ ਬਾਵਜੂਦ ਇੱਥੇ ਕੋਈ ਪੱਕਾ ਹੱਡੀਆਂ ਦਾ ਮਾਹਿਰ (Orthopedic specialist) ਨਹੀਂ ਹੈ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ 46 ਪੋਸਟਾਂ ਖਾਲੀ ਪਈਆਂ ਹਨ। ਬਲੱਡ ਬੈਂਕ ਦੀ ਸਹੂਲਤ ਨਾ ਹੋਣ ਕਾਰਨ ਐਮਰਜੈਂਸੀ ਹਾਲਤ ਵਿੱਚ ਮਰੀਜ਼ਾਂ ਨੂੰ ਦੂਰ-ਦੁਰਾਡੇ ਰੈਫਰ ਕਰ ਦਿੱਤਾ ਜਾਂਦਾ ਹੈ।
ਪਟੀਸ਼ਨਰ ਨੇ ਮੰਗ ਕੀਤੀ ਹੈ ਕਿ ਇਸ ਹਸਪਤਾਲ ਨੂੰ PGI ਜਾਂ AIIMS ਦਾ ਸੈਟੇਲਾਈਟ ਸੈਂਟਰ ਬਣਾਇਆ ਜਾਵੇ ਜਾਂ ਫਿਰ AIIMS ਬਿਲਾਸਪੁਰ/PGI ਚੰਡੀਗੜ੍ਹ ਨਾਲ ਜੋੜ ਕੇ ਇੱਥੇ ਟੈਲੀ-ਮੈਡੀਸਨ ਅਤੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣ। ਅਦਾਲਤ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਖਾਲੀ ਪਈਆਂ ਅਸਾਮੀਆਂ ਨੂੰ ਦੋ ਮਹੀਨਿਆਂ ਦੇ ਅੰਦਰ ਭਰਿਆ ਜਾਵੇ।

