Punjab News: NIA ਨੇ ਗਰਨੇਡ ਹਮਲੇ ਦੇ ਮੁਲਜ਼ਮ ਤੋਂ ਫਰੀਦਕੋਟ ਜੇਲ੍ਹ ਵਿੱਚ ਪੁੱਛਗਿੱਛ ਕੀਤੀ
ਏਜੰਸੀ ਵੱਲੋਂ ਸਾਜ਼ਿਸ਼ ਦੇ ਕੋਣ ਅਤੇ ਪਾਕਿਸਤਾਨ ਸਥਿਤ ਡੌਨ ਸ਼ਹਿਜ਼ਾਦ ਭੱਟੀ ਨਾਲ ਜੁੜੇ ਹੈਂਡਲਰ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ
ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਇੱਕ ਟੀਮ ਨੇ ਸੋਮਵਾਰ ਸ਼ਾਮ ਨੂੰ ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਦਾ ਦੌਰਾ ਕੀਤਾ ਅਤੇ ਜਲੰਧਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਨਵਦੀਪ ਸਿੰਘ ਉਰਫ਼ ਰੋਜਰ ਸੰਧੂ ਦੀ ਰਿਹਾਇਸ਼ 'ਤੇ ਹੋਏ ਗ੍ਰਨੇਡ ਹਮਲੇ ਦੇ ਮੁਲਜ਼ਮ ਮਨਿੰਦਰ ਸਿੰਘ ਉਰਫ਼ ਬੌਬੀ ਤੋਂ ਕਰੀਬ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਮਨਿੰਦਰ ਸਿੰਘ ਨੂੰ ਜਲੰਧਰ ਜ਼ਿਲ੍ਹੇ ਤੋਂ ਤਬਦੀਲ ਕੀਤੇ ਜਾਣ ਤੋਂ ਬਾਅਦ ਕੁਝ ਸਮੇਂ ਤੋਂ ਫਰੀਦਕੋਟ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਚੰਡੀਗੜ੍ਹ ਤੋਂ ਆਈ ਐਨਆਈਏ ਦੀ ਟੀਮ ਨੇ ਜੇਲ੍ਹ ਦੇ ਅੰਦਰ ਸਖ਼ਤ ਸੁਰੱਖਿਆ ਹੇਠ ਮੁਲਜ਼ਮ ਤੋਂ ਇਸ ਕੇਸ ਦੇ ਕਈ ਅਹਿਮ ਪਹਿਲੂਆਂ ਬਾਰੇ ਸਵਾਲ ਕੀਤੇ, ਜਿਨ੍ਹਾਂ ਵਿੱਚ ਹਮਲੇ ਪਿੱਛੇ ਦੀ ਸਾਜ਼ਿਸ਼, ਇਸ ਵਿੱਚ ਸ਼ਾਮਲ ਸਹਿਯੋਗੀਆਂ ਦਾ ਨੈੱਟਵਰਕ ਅਤੇ ਵਿਦੇਸ਼ ਤੋਂ ਕੰਮ ਕਰ ਰਹੇ ਕਥਿਤ ਹੈਂਡਲਰਾਂ ਦੀ ਭੂਮਿਕਾ ਸ਼ਾਮਲ ਹੈ। ਸੂਤਰਾਂ ਨੇ ਦੱਸਿਆ ਕਿ ਏਜੰਸੀ ਨੇ ਹਮਲੇ ਦੀ ਯੋਜਨਾਬੰਦੀ, ਵਰਤੇ ਗਏ ਨੈੱਟਵਰਕ ਅਤੇ ਹੋਰ ਮੁਲਜ਼ਮਾਂ ਵੱਲੋਂ ਨਿਭਾਈਆਂ ਗਈਆਂ ਭੂਮਿਕਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕੀਤੀ ਹੈ। ਪੁੱਛਗਿੱਛ ਦੌਰਾਨ ਮਿਲੇ ਇਨਪੁਟਸ ਦੇ ਆਧਾਰ 'ਤੇ ਐਨਆਈਏ ਹੁਣ ਆਪਣੀ ਜਾਂਚ ਨੂੰ ਅੱਗੇ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਜਲੰਧਰ ਦੇ ਪਿੰਡ ਆਲੀਚੱਕ ਦੇ ਰਹਿਣ ਵਾਲੇ ਮਨਿੰਦਰ ਸਿੰਘ ਉਰਫ਼ ਬੌਬੀ ਨੂੰ ਜਲੰਧਰ ਦਿਹਾਤੀ ਪੁਲੀਸ ਨੇ ਮਾਰਚ 2025 ਵਿੱਚ ਚੰਡੀਗੜ੍ਹ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਹੁਣ ਤੱਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਸ਼ੁਰੂ ਵਿੱਚ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਸੀ, ਪਰ ਜਾਂਚ ਦੌਰਾਨ ਪਾਕਿਸਤਾਨ ਸਥਿਤ ਕਥਿਤ ਡੌਨ ਸ਼ਹਿਜ਼ਾਦ ਭੱਟੀ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ।
ਪੁਲੀਸ ਰਿਕਾਰਡ ਅਨੁਸਾਰ ਮਨਿੰਦਰ ਸਿੰਘ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ ਅਤੇ ਅਸਲਾ ਐਕਟ ਦੀਆਂ ਉਲੰਘਣਾਵਾਂ ਸਮੇਤ ਕਰੀਬ ਗਿਆਰਾਂ ਅਪਰਾਧਿਕ ਮਾਮਲੇ ਦਰਜ ਹਨ। ਉਸ ਨੂੰ ਕਰੀਬ ਦੋ ਮਹੀਨੇ ਪਹਿਲਾਂ ਫਰੀਦਕੋਟ ਦੀ ਕੇਂਦਰੀ ਆਧੁਨਿਕ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ।
