Punjab news: ਬਹਾਦਰ ਪੋਤੀ ਨੇ ਦਾਦੀ ਦੀਆਂ ਵਾਲੀਆਂ ਬਚਾਉਣ ਲਈ ਝਪਟਮਾਰਾਂ ਦਾ ਕੀਤਾ ਪਿੱਛਾ
ਲੁਟੇਰੇ ਗੋਲੀ ਮਾਰਨ ਦੀ ਧਮਕੀ ਦੇ ਕੇ ਫ਼ਰਾਰ
ਪੰਜਾਬ ਦੇ ਫਗਵਾੜਾ ਵਿਖੇ ਬਾਬਾ ਗੱਡੀਆ, ਖਲਵਾੜਾ ਗੇਟ ਨੇੜੇ ਸੋਮਵਾਰ ਨੂੰ ਮੰਦਰ ਤੋਂ ਘਰ ਪਰਤ ਰਹੀ ਇੱਕ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਰਹੇ ਦੋ ਸਕੂਟਰ ਸਵਾਰ ਲੁਟੇਰਿਆਂ ਨਾਲ ਔਰਤ ਦੀ ਨਾਬਾਲਗ ਪੋਤੀ ਨੇ ਬਹਾਦਰੀ ਦਿਖਾਉਂਦਿਆਂ ਪਿੱਛਾ ਕੀਤਾ ਅਤੇ ਇੱਕ ਝਪਟਮਾਰ ਨਾਲ ਭਿੜ ਵੀ ਗਈ ਹਾਲਾਂਕਿ, ਲੁਟੇਰੇ ਲੜਕੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਛੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਏ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸਕੂਟਰ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਮੰਦਰ ਤੋਂ ਪਰਤ ਰਹੀ ਇੱਕ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਬਜ਼ੁਰਗ ਔਰਤ ਨੇ ਬਾਅਦ ਵਿੱਚ ਪੱਤਰਕਾਰਾਂ ਅਤੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਨਾਬਾਲਗ ਪੋਤੀ ਨੇ ਝਪਟਮਾਰਾਂ ਦਾ ਪਿੱਛਾ ਕੀਤਾ ਅਤੇ ਪਿੱਛੇ ਬੈਠੇ ਨੌਜਵਾਨ ਨਾਲ ਭਿੜ ਵੀ ਗਈ, ਪਰ ਉਹ ਉਨ੍ਹਾਂ ਨੂੰ ਫੜ ਨਹੀਂ ਸਕੀ।
ਔਰਤ ਨੇ ਦੱਸਿਆ ਕਿ ਉਹ ਆਪਣੀ ਨੂੰਹ ਅਤੇ ਪੋਤੀ ਨਾਲ ਸ਼ੀਤਲਾ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਆਪਣੇ ਘਰ ਪਰਤ ਰਹੀ ਸੀ ਤਾਂ ਦੋ ਵਿਅਕਤੀਆਂ ਨੇ ਉਸ ਦੀਆਂ ਵਾਲੀਆਂ ਚੋਰੀ ਕਰ ਲਈਆਂ, ਜਿਨ੍ਹਾਂ ਦੀ ਕੀਮਤ ਉਸ ਨੇ 1 ਲੱਖ ਰੁਪਏ ਤੋਂ ਵੱਧ ਦੱਸੀ ਹੈ।
ਉਸ ਨੇ ਕਿਹਾ, "ਜਦੋਂ ਮੇਰੀ ਪੋਤੀ ਨੇ ਬਹਾਦਰੀ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪਿੱਛੇ ਬੈਠੇ ਝਪਟਮਾਰ ਨਾਲ ਭਿੜ ਗਈ, ਤਾਂ ਦੋਵਾਂ ਨੇ ਉਸ ਨੂੰ 'ਗੋਲੀ ਮਾਰ ਦੇਣੀ' ਕਹਿ ਕੇ ਧਮਕਾਇਆ ਅਤੇ ਉਸ ਦੀ ਗ੍ਰਿਫ਼ਤ 'ਚੋਂ ਛੁੱਟ ਕੇ ਫ਼ਰਾਰ ਹੋ ਗਏ।"
ਉਸ ਨੇ ਦੱਸਿਆ ਕਿ ਔਰਤ ਦੀ ਨੂੰਹ ਨੇ ਵੀ ਆਪਣੇ ਹੱਥ 'ਚ ਫੜੇ ਪਿੱਤਲ ਦੇ ਬਰਤਨ ਨਾਲ ਇੱਕ ਝਪਟਮਾਰ 'ਤੇ ਵਾਰ ਕਰਕੇ ਵਿਚਕਾਰ ਆਉਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਫਿਰ ਵੀ ਭੱਜਣ 'ਚ ਕਾਮਯਾਬ ਹੋ ਗਏ।
ਜਾਂਚ ਅਧਿਕਾਰੀ (ਆਈ.ਓ.) ਸਿਟੀ ਪੁਲੀਸ ਥਾਣੇ ਦੇ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਕਿਹਾ, "ਅਸੀਂ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕਰ ਰਹੇ ਹਾਂ ਅਤੇ ਝਪਟਮਾਰਾਂ ਵੱਲੋਂ ਵਰਤੇ ਗਏ ਐਕਟਿਵਾ ਸਕੂਟਰ ਦਾ ਨੰਬਰ ਪ੍ਰਾਪਤ ਕਰ ਲਿਆ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।" ਪੀ.ਟੀ.ਆਈ.

