Punjab Lottery Winner: ਤਬਲਾ ਵਾਦਕ ਦੀ ਕਿਸਮਤ ਚਮਕੀ: 65 ਸਾਲਾ ਬਜ਼ੁਰਗ ਨੇ 1.5 crore ਦੀ lottery ਜਿੱਤੀ
Nawanshahr ਦਾ Gurcharan Singh ਦੋ ਸੌ ਰੁਪਏ ਦੀ ਟਿਕਟ ਖਰੀਦ ਕੇ ਬਣਿਆ ਕਰੋਡ਼ਪਤੀ
ਨਵਾਂਸ਼ਹਿਰ ਦੇ ਰਹਿਣ ਵਾਲੇ 65 ਸਾਲਾ ਗੁਰਚਰਨ ਸਿੰਘ ਦੀ ਕਿਸਮਤ ਨੇ ਇੱਕ ਬਹੁਤ ਹੀ ਹੈਰਾਨੀਜਨਕ ਮੋੜ ਲਿਆ ਹੈ। ਲੰਬੇ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇਸ ਬਜ਼ੁਰਗ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਗੁਰਚਰਨ ਸਿੰਘ ਧਾਰਮਿਕ ਸਮਾਗਮਾਂ ਵਿੱਚ ਤਬਲਾ ਵਜਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ, ਉਹ ਪਿਛਲੇ 40 ਸਾਲਾਂ ਤੋਂ ਲਗਾਤਾਰ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੀ ਜ਼ਿੰਦਗੀ ਵਿੱਤੀ ਮੁਸ਼ਕਲਾਂ ਅਤੇ ਸੰਘਰਸ਼ ਨਾਲ ਭਰੀ ਹੋਈ ਸੀ ਪਰ ਉਨ੍ਹਾਂ ਨੂੰ ਹਮੇਸ਼ਾ ਪ੍ਰਮਾਤਮਾ 'ਤੇ ਭਰੋਸਾ ਸੀ। ਆਖ਼ਰਕਾਰ ਉਨ੍ਹਾਂ ਦੀ ਦਹਾਕਿਆਂ ਦੀ ਉਡੀਕ ਖਤਮ ਹੋਈ ਅਤੇ ਮਹਿਜ਼ 200 ਰੁਪਏ ਵਿੱਚ ਖਰੀਦੀ ਟਿਕਟ ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ।
ਇਸ ਟਿਕਟ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਹੈ ਕਿ ਇਹ ਜੇਤੂ ਟਿਕਟ ਗੁਰਚਰਨ ਸਿੰਘ ਨੇ ਆਪਣੇ ਪੁੱਤਰ ਮਾਨ ਸਿੰਘ ਦੇ ਨਾਂ 'ਤੇ ਖਰੀਦੀ ਸੀ। ਉਨ੍ਹਾਂ ਦਾ ਪੁੱਤਰ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਦੁਬਈ ਵਿੱਚ ਮਿਹਨਤ-ਮਜ਼ਦੂਰੀ ਕਰਦਾ ਸੀ ਅਤੇ ਪਿਛਲੇ ਸਾਲ ਹੀ ਘਰ ਵਾਪਸ ਆਇਆ ਸੀ। ਉਹ ਦੁਬਾਰਾ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਕਿ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਪਰ ਇਸ ਵੱਡੀ ਜਿੱਤ ਤੋਂ ਬਾਅਦ ਗੁਰਚਰਨ ਸਿੰਘ ਨੇ ਆਪਣੇ ਪੁੱਤਰ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਹੈ।
ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਹੁਣ ਸਾਡੇ ਕੋਲ ਕਾਫ਼ੀ ਸਰਮਾਇਆ ਹੈ ਅਤੇ ਉਸ ਨੂੰ ਵਾਪਸ ਜਾਣ ਦੀ ਕੋਈ ਲੋੜ ਨਹੀਂ ਹੈ; ਉਹ ਹੁਣ ਇੱਥੇ ਹੀ ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦਾ ਹੈ। ਗੁਰਚਰਨ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਬਹੁਤ ਮਿਹਨਤ ਕੀਤੀ ਅਤੇ ਸਭ ਕੁਝ ਆਪਣੇ ਦਮ ’ਤੇ ਕੀਤਾ ਹੈ, ਪਰ ਹੁਣ ਇਸ ਇਨਾਮ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ।

