Punjab News: ਕਪੂਰਥਲਾ ਪੁਲੀਸ ਵੱਲੋਂ 4 ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਗ੍ਰਿਫਤਾਰ
Punjab News: ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਦੇ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਚਾਰ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ...
Punjab News: ਐੱਸ ਐੱਸ ਪੀ ਕਪੂਰਥਲਾ ਗੌਰਵ ਤੂਰਾ ਦੇ ਨਿਰਦੇਸ਼ਾਂ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਚਾਰ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਨਿਵਾਸੀ ਤਲਵੰਡੀ (ਕਪੂਰਥਲਾ), ਮਨਪ੍ਰੀਤ ਸਿੰਘ ਉਰਫ਼ ਮਾਪੀ ਅਤੇ ਅਮਨਦੀਪ ਸਿੰਘ ਉਰਫ਼ ਅਮਨ (ਦੋਵੇਂ ਨਿਵਾਸੀ ਪਿੰਡ ਪੰਮਣ, ਤਲਵੰਡੀ ਚੌਧਰੀਆਂ) ਵਜੋਂ ਹੋਈ ਹੈ।
ਇਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ .32 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ, ਇੱਕ ਵਿਦੇਸ਼ੀ ਮਾਰਕਾ ਪਿਸਤੌਲ (PX-5 Storm) ਸਮੇਤ ਦੋ ਜ਼ਿੰਦਾ ਕਾਰਤੂਸ, ਇੱਕ ਹੋਰ .30 ਬੋਰ ਦਾ ਵਿਦੇਸ਼ੀ ਬੇਰੇਟਾ ਪਿਸਤੌਲ ਅਤੇ ਇੱਕ ਓਪਨ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਹ ਕਾਰਵਾਈ ਡੀ ਐੱਸ ਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਅਤੇ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਐੱਸ ਐੱਚ ਓ ਹਰਿੰਦਰ ਸਿੰਘ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ।
ਪੁਲੀਸ ਅਨੁਸਾਰ 15 ਫਰਵਰੀ 2026 ਨੂੰ ਏ ਐੱਸ ਆਈ ਲਖਵਿੰਦਰ ਪਾਲ ਸਿੰਘ ਦੀ ਪੁਲੀਸ ਪਾਰਟੀ ਗਸ਼ਤ ’ਤੇ ਸੀ, ਜਦੋਂ ਉਨ੍ਹਾਂ ਨੂੰ ਮੁਲਜ਼ਮ ਵਿਸ਼ਾਲ ਕੋਲ ਨਾਜਾਇਜ਼ ਹਥਿਆਰ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸੁਲਤਾਨਪੁਰ ਲੋਧੀ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਵਿਸ਼ਾਲ ਨੂੰ 2 ਪਿਸਤੌਲਾਂ ਅਤੇ 4 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਵਿਸ਼ਾਲ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਪਿਸਤੌਲ ਇੱਕ ਮਹੀਨਾ ਪਹਿਲਾਂ ਮਨਪ੍ਰੀਤ ਉਰਫ਼ ਮਾਪੀ ਤੋਂ 3 ਲੱਖ ਰੁਪਏ ਵਿੱਚ ਖਰੀਦੇ ਸਨ। ਇਸ ਤੋਂ ਬਾਅਦ ਮਨਪ੍ਰੀਤ ਨੂੰ ਵੀ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਇੱਕ .30 ਬੋਰ ਬੇਰੇਟਾ ਪਿਸਤੌਲ ਅਤੇ ਇੱਕ ਓਪਨ ਪਿਸਤੌਲ ਬਰਾਮਦ ਹੋਇਆ।
ਅਗਲੇਰੀ ਜਾਂਚ ਵਿੱਚ ਅਮਨਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਉਸ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

