Punjab Civil Hospital: ਸਰਕਾਰੀ ਦਾਅਵੇ ਫ਼ੇਲ੍ਹ: ਦੁਪਹਿਰ 2 ਵਜੇ ਤੋਂ ਬਾਅਦ ਰਾਹੋਂ ਸਿਵਲ ਹਸਪਤਾਲ ਨੂੰ ਲੱਗ ਜਾਂਦਾ ਹੈ ਤਾਲਾ
ਸਟਾਫ਼ ਨਰਸਾਂ ਦੀ ਘਾਟ ਕਾਰਨ ਐਮਰਜੰਸੀ ਸੇਵਾਵਾਂ ਮੁਕੰਮਲ ਬੰਦ; ਇਲਾਜ ਲਈ ਨਵਾਂਸ਼ਹਿਰ ਭੱਜਣ ਲਈ ਮਜਬੂਰ ਹੋ ਰਹੇ ਨੇ ਗ਼ਰੀਬ ਮਰੀਜ਼
Punjab Civil Hospital: ਆਮ ਲੋਕਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ, ਰਾਹੋਂ ਦੇ ਸਿਵਲ ਹਸਪਤਾਲ ਵਿੱਚ ਦੁਪਹਿਰ 2 ਵਜੇ ਤੋਂ ਬਾਅਦ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ 2 ਵਜੇ ਤੋਂ ਬਾਅਦ ਹਸਪਤਾਲ ਵਿੱਚ ਆਉਣ ਵਾਲੇ ਆਮ ਮਰੀਜ਼ਾਂ ਨੂੰ ਕੋਈ ਇਲਾਜ ਨਹੀਂ ਮਿਲਦਾ, ਕਿਉਂਕਿ ਕਿਸੇ ਵੀ ਐਮਰਜੰਸੀ ਵੇਲੇ ਜਦੋਂ ਉਹ ਹਸਪਤਾਲ ਜਾਂਦੇ ਹਨ ਤਾਂ ਉੱਥੇ ਜੰਦਰਾ ਲੱਗਾ ਹੁੰਦਾ ਹੈ। ਇਸ ਕਾਰਨ ਮਰੀਜ਼ਾਂ ਦੀ ਪਰੇਸ਼ਾਨੀ ਹੋਰ ਵਧ ਜਾਂਦੀ ਹੈ ਅਤੇ ਮਜਬੂਰਨ ਜੱਚਾ-ਬੱਚਾ ਕੇਸ, ਸੜਕ ਹਾਦਸਿਆਂ ਦੇ ਸ਼ਿਕਾਰ ਮਰੀਜ਼ਾਂ ਅਤੇ ਹੋਰ ਗੰਭੀਰ ਹਾਲਤਾਂ ਵਿੱਚ ਉਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਜਾਂ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵੱਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਮਾਰੀ ਕਿਸੇ ਸਮੇਂ ਦੀ ਮੁਹਤਾਜ ਨਹੀਂ ਹੁੰਦੀ। ਜੇਕਰ ਕਿਸੇ ਬੱਚੇ, ਬਜ਼ੁਰਗ ਜਾਂ ਗਰਭਵਤੀ ਮਹਿਲਾ ਦੀ ਤਬੀਅਤ ਦੁਪਹਿਰ ਤੋਂ ਬਾਅਦ ਅਚਾਨਕ ਖ਼ਰਾਬ ਹੋ ਜਾਵੇ, ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਹੈ, ਜਿਸ ਨਾਲ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਕਈ ਵਾਰ ਤਾਂ ਐਮਰਜੰਸੀ ਹਾਲਤ ਵਿੱਚ ਮਰੀਜ਼ ਨੂੰ ਲੈ ਕੇ ਜਾਣ ਲਈ ਕੋਈ ਵਾਹਨ ਜਾਂ ਸਾਧਨ ਵੀ ਨਹੀਂ ਮਿਲਦਾ। ਲੋਕਾਂ ਨੇ ਦੱਸਿਆ ਕਿ ਕਈ ਵਾਰ ਹਸਪਤਾਲ ਪਹੁੰਚਣ 'ਤੇ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਓ.ਪੀ.ਡੀ. (OPD) ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਲਾਪਰਵਾਹੀ ਕਾਰਨ ਗ਼ਰੀਬ ਅਤੇ ਲੋੜਵੰਦ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਰਾਹੋਂ ਸਿਵਲ ਹਸਪਤਾਲ ਵਿੱਚ ਦੁਪਹਿਰ ਤੋਂ ਬਾਅਦ ਵੀ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਮੁਫ਼ਤ ਇਲਾਜ ਮਿਲ ਸਕੇ ਅਤੇ ਉਨ੍ਹਾਂ ਦੀ ਖੱਜਲ-ਖੁਆਰੀ ਬੰਦ ਹੋਵੇ।
ਅਧਿਕਾਰੀਆਂ ਦਾ ਪੱਖ
ਜਦੋਂ ਇਸ ਸਬੰਧੀ ਨਵਾਂਸ਼ਹਿਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਇੱਥੇ ਐਮਰਜੰਸੀ ਸੇਵਾ ਬੰਦ ਰਹਿੰਦੀ ਹੈ। ਦੂਜੇ ਪਾਸੇ, ਜਦੋਂ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਸਟਾਫ਼ ਨਰਸਾਂ ਦੀ ਭਾਰੀ ਕਮੀ ਕਰਕੇ ਐਮਰਜੰਸੀ ਸੇਵਾ ਬੰਦ ਕੀਤੀ ਹੋਈ ਹੈ, ਜਿਸ ਕਰਕੇ ਜਨਤਾ ਨੂੰ ਸਮੱਸਿਆ ਆ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਟਾਫ਼ ਦੀ ਘਾਟ ਨੂੰ ਦੂਰ ਕਰਕੇ ਅਗਲੇ ਥੋੜ੍ਹੇ ਦਿਨਾਂ ਤੱਕ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ।
