DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab Breaking News: ਫਗਵਾੜਾ ਦੀ ਮਸ਼ਹੂਰ ਮਿਠਾਈ ਦੀ ਦੁਕਾਨ ’ਤੇ ਗੋਲੀਬਾਰੀ

ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

  • fb
  • twitter
  • whatsapp
  • whatsapp
Advertisement

ਫਗਵਾੜਾ ਵਿੱਚ ਅੱਜ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਹੁਸ਼ਿਆਰਪੁਰ ਰੋਡ ’ਤੇ ਸਥਿਤ ਮਸ਼ਹੂਰ ਮਿਠਾਈ ਦੀ ਦੁਕਾਨ ‘ਸੁਧੀਰ ਸਵੀਟਸ’ ’ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਹ ਘਟਨਾ ਸਵੇਰੇ ਕਰੀਬ 6:45 ਵਜੇ ਵਾਪਰੀ ਜਦੋਂ ਇੱਕ ਐਕਟਿਵਾ ਸਕੂਟਰ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਦੇ ਮੁੱਖ ਗੇਟ ’ਤੇ ਕਈ ਰਾਊਂਡ ਫਾਇਰ ਕੀਤੇ, ਜਿਸ ਨਾਲ ਦੁਕਾਨ ਦੇ ਸ਼ੀਸ਼ੇ ਅਤੇ ਦਰਵਾਜ਼ੇ ਚੂਰ-ਚੂਰ ਹੋ ਗਏ।

 ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਹਾਲਾਂਕਿ ਉਸ ਸਮੇਂ ਦੁਕਾਨ ਦਾ ਮਾਲਕ ਅਤੇ ਚਾਰ ਕਰਮਚਾਰੀ ਅੰਦਰ ਹੀ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ ਪੀ ਫਗਵਾੜਾ ਮਾਧਵੀ ਸ਼ਰਮਾ ਅਤੇ ਇੰਸਪੈਕਟਰ ਅਮਨ ਕੁਮਾਰ ਦੇਵਸ਼ਵਰ ਸਮੇਤ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

Advertisement

ਪੁਲੀਸ ਟੀਮਾਂ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ ਤੋਂ 9mm ਪਿਸਤੌਲ ਦੇ ਲਗਪਗ ਅੱਠ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਸਾਬਕਾ ਕੇਂਦਰੀ ਮੰਤਰੀ ਅਤੇ ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਵੀ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ। ਇਹ ਘਟਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਤੈਅ ਦੌਰੇ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਵਾਪਰੀ ਹੈ, ਜਿਸ ਕਾਰਨ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Advertisement

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 7 ਦਿਨਾਂ ਵਿੱਚ ਗੈਂਗਸਟਰਾਂ ਦਾ ਖਾਤਮਾ ਕਰਨ ਦੇ ਦਾਅਵੇ ‘ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਫਗਵਾੜਾ ਵਿੱਚ ਇੱਕ ਪ੍ਰਮੁੱਖ ਮਿਠਾਈਆਂ ਦੀ ਦੁਕਾਨ ‘ਤੇ ਗੈਂਗਸਟਰਾਂ ਵੱਲੋਂ ਕੀਤੀ ਗਈ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਜਾਖੜ ਨੇ ਆਪ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਹੈ।

ਉਨ੍ਹਾਂ ਲਿਖਿਆ, “ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਪੁਲਿਸ ਨੂੰ ਸਲਾਮੀ।” ਸੁਨੀਲ ਜਾਖੜ ਨੇ ਆਪਣੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਫਗਵਾੜਾ ਫੇਰੀ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਇੱਕ ਮਿਠਾਈਆਂ ਦੀ ਦੁਕਾਨ ’ਤੇ ਗੋਲੀਆਂ ਚਲਾਕੇ ਪੁਲੀਸ ਅਤੇ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ।

ਇਸ ਦੌਰਾਨ ਜਾਖੜ ਨੇ ਇਹ ਵੀ ਯਾਦ ਦਿਵਾਇਆ ਕਿ ਇਸ ਤੋਂ ਪਹਿਲਾਂ ਫਗਵਾੜਾ ਵਿੱਚ ਹੀ ਆਮ ਆਦਮੀ ਪਾਰਟੀ ਦੇ ਆਗੂ ਦਲਜੀਤ ਸਿੰਘ ਰਾਜੂ ਦੇ ਘਰ ’ਤੇ ਵੀ ਇਸੇ ਤਰ੍ਹਾਂ ਤਾਬੜਤੋੜ ਫਾਇਰਿੰਗ ਦੀ ਘਟਨਾ ਵਾਪਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਗੈਂਗਸਟਰਾਂ ‘ਤੇ ਲਗਾਮ ਨਹੀਂ ਲੱਗੀ।

ਸੁਨੀਲ ਜਾਖੜ ਨੇ ਟਵੀਟ ਰਾਹੀਂ ਸਵਾਲ ਚੁੱਕਦਿਆਂ ਕਿਹਾ ਕਿ ਕੀ ਆਪ ਸਰਕਾਰ ਵਾਕਈ ਗੈਂਗਸਟਰਾਂ ’ਤੇ ਨਕੇਲ ਕਸਣ ਦੇ ਯੋਗ ਹੈ ਜਾਂ ਫਿਰ ਪੰਜਾਬ ਦੀ ਜਨਤਾ ਨੂੰ ਗੈਂਗਸਟਰਾਂ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਫਰਕ ਨਜ਼ਰ ਆ ਰਿਹਾ ਹੈ।

Advertisement
×