Punjab Accident: ਹੁਸ਼ਿਆਰਪੁਰ ’ਚ ਪਿੱਕਅੱਪ ਗੱਡੀ ਪਲਟੀ, 11 ਸ਼ਰਧਾਲੂ ਜ਼ਖ਼ਮੀ
ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਸਨ ਸਵਾਰ; ਦੋ ਔਰਤਾਂ ਪੀ.ਜੀ.ਆਈ. ਰੈਫ਼ਰ
ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ਵਿੱਚ ਇੱਕ ਪਿੱਕਅੱਪ ਗੱਡੀ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਬੀਤੀ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਗੜ੍ਹਸ਼ੰਕਰ ਵੱਲ ਪਰਤ ਰਹੇ ਸਨ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੱਕਅੱਪ ਗੱਡੀ ਵਿੱਚ ਕਰੀਬ 20 ਸਵਾਰੀਆਂ ਸਨ। ਜਦੋਂ ਗੱਡੀ ਇੱਕ ਉਤਰਾਈ ਵਾਲੀ ਢਲਾਣ ਤੋਂ ਗੁਜ਼ਰ ਰਹੀ ਸੀ, ਤਾਂ ਚਾਲਕ ਨੇ ਵਾਹਨ ’ਤੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਸੜਕ ਵਿਚਾਲੇ ਹੀ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਪਹੁੰਚਾਇਆ।
ਹਸਪਤਾਲ ਦੇ ਸੂਤਰਾਂ ਅਨੁਸਾਰ, 6 ਤੋਂ 7 ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂਕਿ ਬਾਕੀ ਜ਼ਖ਼ਮੀ ਅਜੇ ਵੀ ਇਲਾਜ ਅਧੀਨ ਹਨ। ਹਾਲਾਂਕਿ, ਦੋ ਮਹਿਲਾਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

