DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

PRTC Bus Strike: ਪੰਜਾਬ ਰੋਡਵੇਜ਼ ਤੇ PRTC ਕੱਚੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਹੜਤਾਲ ਅੱਜ

ਯਾਤਰੀ ਪਰੇਸ਼ਾਨ; ਰੈਗੂਲਰ ਕਰਨ ਅਤੇ ਆਊਟਸੋਰਸਿੰਗ ਬੰਦ ਕਰਨ ਦੀ ਮੰਗ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਪੰਜਾਬ ਭਰ ਵਿੱਚ ਅੱਜ ਆਮ ਮੁਸਾਫ਼ਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਪੰਜਾਬ ਰੋਡਵੇਜ਼ ਅਤੇ ਪਨਬਸ/ਪੀ.ਆਰ.ਟੀ.ਸੀ. (PRTC) ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਕਾਰਨ ਸੂਬੇ ਦੇ ਵੱਖ-ਵੱਖ ਡਿਪੂਆਂ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਹੇਗਾ।

ਇਹ ਹੜਤਾਲ ‘ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ’ ਦੇ ਸੱਦੇ ’ਤੇ ਕੀਤੀ ਜਾ ਰਹੀ ਹੈ। ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਆਊਟਸੋਰਸਿੰਗ ਨੂੰ ਖ਼ਤਮ ਕਰਨਾ ਅਤੇ ਬੀਤੇ ਸਾਲ ਪ੍ਰਦਰਸ਼ਨਾਂ ਦੌਰਾਨ ਮੁਲਾਜ਼ਮ ਆਗੂਆਂ ’ਤੇ ਦਰਜ ਕੀਤੇ ਪੁਲੀਸ ਕੇਸ ਵਾਪਸ ਲੈਣਾ ਸ਼ਾਮਲ ਹੈ।

Advertisement

ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਲੰਘੀ ਐਤਵਾਰ ਸ਼ਾਮ ਨੂੰ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਸੰਘਰਸ਼ੀ ਕਾਮਿਆਂ ਨੇ ਸਰਕਾਰ ਨੂੰ ਹੜਤਾਲ ਦਾ ਨੋਟਿਸ ਪਹਿਲਾਂ ਹੀ ਦੇ ਦਿੱਤਾ ਸੀ, ਪਰ ਬਾਰ-ਬਾਰ ਮੀਟਿੰਗਾਂ ਹੋਣ ਦੇ ਬਾਵਜੂਦ ਕੋਈ ਠੋਸ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ, “ਸਾਨੂੰ ਕਈ ਵਾਰ ਮੰਗਾਂ ਪੂਰੀਆਂ ਕਰਨ ਦੇ ਭਰੋਸੇ ਦਿੱਤੇ ਗਏ। ਲੰਘੇ ਵੀਰਵਾਰ ਨੂੰ ਵੀ ਟਰਾਂਸਪੋਰਟ ਪ੍ਰਬੰਧਕਾਂ ਨਾਲ ਹੋਈ ਬੈਠਕ ’ਚ ਭਰੋਸਾ ਤਾਂ ਦਿੱਤਾ ਗਿਆ, ਪਰ ਕੋਈ ਵੀ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਸੇ ਕਾਰਨ ਐਤਵਾਰ ਅੱਧੀ ਰਾਤ ਤੋਂ ਹੀ ਸਾਰੇ ਠੇਕਾ ਕਾਮਿਆਂ ਨੇ ਕੰਮ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ।”

Advertisement

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਮੱਦੇਨਜ਼ਰ ਯੂਨੀਅਨ ਵੱਲੋਂ ਮੁਹਾਲੀ ਵਿਖੇ ਭੁੱਖ ਹੜਤਾਲ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਤੋਂ ਇਲਾਵਾ, ਸੋਮਵਾਰ ਸਵੇਰੇ 10 ਵਜੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇੱਕ ਅਹਿਮ ਮੀਟਿੰਗ ਤੈਅ ਕੀਤੀ ਗਈ ਹੈ। ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ’ਤੇ ਕੋਈ ਲਿਖਤੀ ਭਰੋਸਾ ਨਾ ਦਿੱਤਾ, ਤਾਂ ਇਹ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਰਹੇਗੀ ਅਤੇ ਮੰਗਲਵਾਰ ਤੋਂ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਜਾਵੇਗੀ।

ਯੂਨੀਅਨ ਦੀ ਮੰਗ ਹੈ ਕਿ ਪਿਛਲੇ 11 ਤੋਂ 12 ਸਾਲਾਂ ਤੋਂ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ 15 ਤੋਂ 16 ਸਾਲਾਂ ਤੋਂ ਆਊਟਸੋਰਸਿੰਗ ’ਤੇ ਕੰਮ ਕਰ ਰਹੇ ਕਾਮਿਆਂ ਨੂੰ ਸਿੱਧੇ ਵਿਭਾਗੀ ਠੇਕੇ ’ਚ ਲਿਆਂਦਾ ਜਾਵੇ। ਇਸ ਦੇ ਨਾਲ ਹੀ, ਲੰਘੇ ਸਾਲ ਨਵੰਬਰ ਮਹੀਨੇ ਵਿੱਚ ਕਿਲੋਮੀਟਰ ਸਕੀਮ ਵਿਰੁੱਧ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਦਰਜ ਕੀਤੇ ਗਏ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਹੜਤਾਲ ਦੇ ਪਹਿਲੇ ਹੀ ਦਿਨ ਬੱਸ ਸੇਵਾਵਾਂ ਠੱਪ ਹੋਣ ਕਾਰਨ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ, ਦਫ਼ਤਰੀ ਕਾਮਿਆਂ ਅਤੇ ਖਾਸ ਕਰਕੇ ਮਹਿਲਾ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਲੋਕ ਨਿੱਜੀ ਤੇ ਹੋਰ ਸਾਧਨਾਂ ਦਾ ਸਹਾਰਾ ਲੈਣ ਲਈ ਮਜਬੂਰ ਹਨ।

ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਦੱਸਿਆ ਕਿ ਇਸ ਸਬੰਧੀ ਸਵੇਰੇ 10 ਵਜੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਹੋਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਟਿੰਗ ਬੇਸਿੱਟਾ ਰਹੀ ਤਾਂ ਇਹ ਹੜਤਾਲ ਅਣਮਿਥੇ ਸਮੇਂ ਲਈ ਐਲਾਨ ਦਿੱਤੀ ਜਾਵੇਗੀ ਅਤੇ ਜੇਕਰ ਸਰਕਾਰ ਮੰਗਾਂ ਮੰਨ ਲੈਂਦੀ ਹੈ ਤਾਂ ਹੜਤਾਲ ਵਾਪਸ ਲੈਣ ’ਤੇ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹੜਤਾਲ ਦੇ ਸਬੰਧ ਵਿੱਚ ਹੜਤਾਲੀ ਵਰਕਰਾਂ ਵੱਲੋਂ 2 ਅਗਸਤ ਦੀ ਸ਼ਾਮ ਨੂੰ ਹੀ ਆਪੋ-ਆਪਣੀਆਂ ਬੱਸਾਂ ਸਬੰਧਤ ਡਿਪੂਆਂ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਸਨ।- ਸਰਬਜੀਤ ਸਿੰਘ ਭੰਗੂ

Advertisement
×