Protests in Kartarpur: ਪੇਂਡੂ ਮਜ਼ਦੂਰ ਯੂਨੀਅਨ ਵਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਸੂਬਾ ਸਰਕਾਰ ਦੇ ਜਨਗਣਨਾ ਸਬੰਧੀ ਜਾਰੀ ਕੀਤੇ ਆਨਲਾਈਨ ਪ੍ਰੋਫਾਰਮੇ ਦੇ ਕਾਲਮ 'ਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ ਦਰਜ ਕਰਨ ਦੇ ਵਿਰੁੱਧ ਅੱਜ ਇਥੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੇਂਦਰ ਤੇ ਸੂਬਾ ਸਰਕਾਰ ਦਾ...
ਸੂਬਾ ਸਰਕਾਰ ਦੇ ਜਨਗਣਨਾ ਸਬੰਧੀ ਜਾਰੀ ਕੀਤੇ ਆਨਲਾਈਨ ਪ੍ਰੋਫਾਰਮੇ ਦੇ ਕਾਲਮ 'ਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ ਦਰਜ ਕਰਨ ਦੇ ਵਿਰੁੱਧ ਅੱਜ ਇਥੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਇਸ ਮਸਲੇ ਨੂੰ ਲੈ ਕੇ ਅਨੂਸੂਚਿਤ ਜਾਤੀਆਂ ਅੱਤਿਆਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਨ ਲਈ ਥਾਣਾ ਮੁਖੀ ਦੀ ਗ਼ੈਰ ਮੌਜੂਦਗੀ ਵਿਚ ਕਿਸੇ ਵੀ ਅਧਿਕਾਰੀ, ਕਰਮਚਾਰੀ ਵਲੋਂ ਮੰਗ ਪੱਤਰ ਲੈਣ ਲਈ ਗੰਭੀਰਤਾ ਨਾ ਦਿਖਾਉਣ ਦੇ ਰੋਸ ਵਜੋਂ ਯੂਨੀਅਨ ਵਲੋਂ ਥਾਣੇ ਸਾਹਮਣੇ ਸੜਕ ਜਾਮ ਕੀਤੀ ਗਈ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ ਪੰਜਾਬ ਸਰਕਾਰ ਦੇ ਜਨਗਣਨਾ ਸਬੰਧੀ ਜਾਰੀ ਕੀਤੇ ਆਨਲਾਈਨ ਪ੍ਰੋਫਾਰਮੇ ਦੇ ਕਾਲਮ 'ਚ ਜਾਤੀ ਕਾਲਮ ਭਰਨ ਲਈ ਅਨੁਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਵਰਜਿਤ ਸ਼ਬਦ ਦਰਜ ਕੀਤੇ ਗਏ ਹਨ। ਉਨ੍ਹਾਂ ਇਸ ਕਾਰਵਾਈ ਨੂੰ ਗੈਰ ਜ਼ਿੰਮੇਵਾਰ ਤੇ ਗੈਰ ਕਾਨੂੰਨੀ ਕਰਾਰ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਐਸ ਸੀ,ਐਸ ਟੀ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਲਿਤ ਭਾਈਚਾਰੇ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣ ਲਈ ਵੀ ਕਿਹਾ।
ਉਨ੍ਹਾਂ ਇਸ ਮਸਲੇ ਵਿੱਚ ਕੌਮੀ ਤੇ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਚੁੱਪ ਵੱਟਣ ਦੀ ਨਿੰਦਾ ਕੀਤੀ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ, ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਤਹਿਸੀਲ ਆਗੂ ਬਲਵਿੰਦਰ ਕੌਰ ਘੁੱਗਸ਼ੋਰ ਅਤੇ ਬਲਬੀਰ ਸਿੰਘ ਧੀਰਪੁਰ ਮੌਜੂਦ ਸਨ।

