CM Mann ਦੀ ਸ਼ੁਕਰਾਨਾ ਯਾਤਰਾ ਤੋਂ ਪਹਿਲਾਂ ਪੁਲੀਸ ਨੇ ਰਾਹ ’ਚ ਰੋਕੇ ਪ੍ਰਦਰਸ਼ਨਕਾਰੀ
ਵਾਲਮੀਕੀ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ, ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਗਵਾੜਾ ’ਚ ਪੁੱਜਣ ਵਾਲੀ ਸ਼ੁਕਰਾਨਾ ਯਾਤਰਾ ਤੋਂ ਪਹਿਲਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੁਲੀਸ ਨੇ ਪਹਿਲਾਂ ਹੀ ਆਪਣੇ ਘੇਰੇ ’ਚ ਲੈ ਲਿਆ। ਜਿੱਥੇ-ਜਿੱਥੇ ਵੀ ਵਿਰੋਧ ਹੋਣ ਦਾ ਪਤਾ ਲੱਗਿਆ ਉੱਥੇ ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾ ਨੂੰ ਦਾਣਾ ਮੰਡੀ ਵਿਖੇ ਰੋਕੀ ਰੱਖਿਆ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਸ਼ੂਗਰ ਮਿੱਲ ਵੱਲ ਸੀਜਨ 21-22 ਦਾ ਜੋ 28 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਹੈ ਉਸ ਦੀ ਅਦਾਇਗੀ ਨਹੀਂ ਹੋ ਰਹੀ। ਜਿਸ ਤੋਂ ਕਿਸਾਨ ਸਖਤ ਪ੍ਰੇਸ਼ਾਨ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮੱਗਰੀ ਦਾ ਸਰਕਾਰ ਨੇ ਤਿੰਨ ਕਰੋੜ 70 ਲੱਖ ਰੁਪਏ ਮੁਆਵਜ਼ਾ ਦੇਣਾ ਮੰਨਿਆ ਸੀ ਜਿਸ ਤੋਂ ਸਰਕਾਰ ਮੁੱਕਰ ਗਈ ਹੈ। ਇਸ ਰੋਸ ਸਬੰਧੀ ਮੁੱਖ ਮੰਤਰੀ ਕੋਲ ਆਪਣਾ ਪੱਖ ਰੱਖਣਾ ਸੀ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਤੇ ਕੁਲਵਿੰਦਰ ਕਾਲਾ ਸਰਪੰਚ ਅਠੋਲੀ ਨੂੰ ਮੌਲੀ ਵਿਖੇ, ਸੰਤੋਖ ਸਿੰਘ ਨੂੰ ਲੱਖਪੁਰ ਵਿਖੇ, ਮਨਜੀਤ ਸਿੰਘ ਰਾਏ ਨੂੰ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ ਹੈ।
ਇਸੇ ਤਰ੍ਹਾਂ ਵਾਲਮੀਕੀ ਭਾਈਚਾਰੇ ਵੱਲੋਂ ਜਨਗਣਨਾ ਫ਼ਾਰਮ ’ਚ ਉਨ੍ਹਾਂ ਪ੍ਰਤੀ ਇੰਤਰਾਜ਼ਯੋਗ ਸ਼ਬਦ ਵਰਤਣ ਦੇ ਰੋਸ ਵਜੋਂ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੂ ਸਹੋਤਾ ਦੀ ਅਗਵਾਈ ’ਚ ਆਗੂ ਮਾਡਲ ਟਾਊਨ ਚੌਂਕ ਤੋਂ ਰੋਸ ਮਾਰਚ ਕਰਦੇ ਹੋਏ ਅੰਬੇਦਕਰ ਪਾਰਕ ਹਰਗੋਬਿੰਦ ਨਗਰ ਵਿਖੇ ਪੁੱਜੇ ਜਿਥੇ ਉਨ੍ਹਾਂ ਨੂੰ ਪੁਲੀਸ ਨੇ ਰੋਕ ਲਿਆ। ਪਰ ਆਗੂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਬੇਜਿੱਦ ਹਨ।

