ਪਾਲ ਿਸੰਘ ਨੌਲੀ
ਜਲੰਧਰ, 9 ਜੁਲਾਈ
ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਤੇ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਨੇ ਦੇਸ਼ ਵਿਚ ਵਧਦੀ ਮਹਿੰਗਾਈ, ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕ੍ਰਿਸਚੀਅਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ, ਬਿਸ਼ਪ ਵਿਜੈ ਕਲਾਈਮੈਟ, ਪਾਸਟਰ ਅਸ਼ੋਕ ਮਸੀਹ, ਡਾ. ਤਰਸੇਮ ਮਸੀਹ ਅਤੇ ਪਾਸਟਰ ਰਜਿੰਦਰ ਮਸੀਹ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਲਤ ਨੀਤੀਆਂ ਨੇ ਦੇਸ਼ ਵਿੱਚ ਵਸਦੇ ਮੱਧ ਵਰਗ ਤੇ ਗਰੀਬ ਵਰਗ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਨੂੰ ਨੱਥ ਪਾਵੇ।
ਰੋਸ ਮਾਰਚ ਕੱਢਿਆ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਇੱਥੇ ਆਟੋ ਰਿਕਸ਼ਾ ਐਂਡ ਪੈਸੰਜਰ ਵੈਨ ਵਰਕਸ ਯੂਨੀਅਨ ਵੱਲੋਂ ਪੀਐਸਬੀ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕਰ ਕੇ ਸਥਾਨਕ ਬੱਸ ਸਟੈਂਡ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਮਗਰੋਂ ਮੰਗਾਂ ਸਬੰਧੀ ਮੰਗ ਪੱਤਰ ਨਾਇਬ ਤਹਿਸੀਲਦਾਰ ਨੂੰ ਦਿੱਤਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 7 ਸੀਟਰ ਆਟੋ ਰਿਕਸ਼ਾ ’ਤੇ 7 ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਤੇਲ ਦਾ ਰੇਟ ਘਟਾਇਆ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਪਹਿਲਾਂ ਕਰੋਨਾਵਾਇਰਸ ਕਾਰਨ ਕੰਮ ਬੰਦ ਹੋ ਗਿਆ ਸੀ ਤੇ ਹੁਣ ਵਧੀਆਂ ਤੇਲ ਕੀਮਤਾਂ ਨੇ ਉਨ੍ਹਾਂ ਦਾ ਕਚੂੰਮਰ ਕੱਢ ਦਿੱਤਾ ਹੈ। ਇਸ ਮੌਕੇ ਵਰਿੰਦਰ ਸਲਵਾਨ, ਪ੍ਰਧਾਨ ਪ੍ਰੇਮ ਸਿੰਘ, ਉਪ ਪ੍ਰਧਾਨ ਬਚਨ ਦਾਸ, ਪ੍ਰਦੀਪ ਕੁਮਾਰ ਸੈਕਟਰੀ ਸ਼ਾਮਲ ਸਨ।