Phagwara: ਫਲਾਈਓਵਰ 'ਤੇ ਪਲਟੀਆਂ ਪਰਾਲੀ ਨਾਲ ਭਰੀਆਂ ਟਰਾਲੀਆਂ; ਲੱਗਾ ਲੰਮਾ ਜਾਮ
ਫਗਵਾੜਾ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਕਾਫ਼ੀ ਸਮੇਂ ਲਈ ਪ੍ਰਭਾਵਿਤ ਰਹੀ। ਇਹ ਹਾਦਸਾ ਸਥਾਨਕ ਕਚਹਿਰੀਆਂ ਦੇ ਸਾਹਮਣੇ ਸਥਿਤ ਫਲਾਈਓਵਰ ਉੱਪਰ ਵਾਪਰਿਆ। ਜਾਣਕਾਰੀ ਅਨੁਸਾਰ ਪਰਾਲੀ ਨਾਲ...
ਫਗਵਾੜਾ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ ਅਤੇ ਆਵਾਜਾਈ ਕਾਫ਼ੀ ਸਮੇਂ ਲਈ ਪ੍ਰਭਾਵਿਤ ਰਹੀ। ਇਹ ਹਾਦਸਾ ਸਥਾਨਕ ਕਚਹਿਰੀਆਂ ਦੇ ਸਾਹਮਣੇ ਸਥਿਤ ਫਲਾਈਓਵਰ ਉੱਪਰ ਵਾਪਰਿਆ।
ਜਾਣਕਾਰੀ ਅਨੁਸਾਰ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਜਲੰਧਰ ਤੋਂ ਫਿਲੌਰ ਵੱਲ ਜਾ ਰਹੀਆਂ ਸਨ। ਜਦੋਂ ਟਰੈਕਟਰ-ਟਰਾਲੀ ਫਗਵਾੜਾ ਫਲਾਈਓਵਰ ਉੱਪਰ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ। ਟੱਕਰ ਕਾਰਨ ਟਰੈਕਟਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਦੋਵੇਂ ਟਰਾਲੀਆਂ ਸੜਕ ਦੇ ਵਿਚਕਾਰ ਹੀ ਪਲਟ ਗਈਆਂ।
ਚਸ਼ਮਦੀਦ ਦਾ ਬਿਆਨ: ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਦੀਪੂ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਪਰਾਲੀ ਲੈ ਕੇ ਫਿਲੌਰ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਟਰੱਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦੀ ਟੱਕਰ ਕਾਰਨ ਦੋਵੇਂ ਟਰਾਲੀਆਂ ਪਲਟ ਗਈਆਂ ਸਨ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਟਰੈਕਟਰ ਚਾਲਕਾਂ ਦਾ ਬਚਾਅ ਹੋ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਬਾਅਦ ਵਿੱਚ ਕਰੇਨ ਦੀ ਮਦਦ ਨਾਲ ਪਲਟੀਆਂ ਟਰਾਲੀਆਂ ਨੂੰ ਸੜਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਟਰੈਫਿਕ ਨੂੰ ਮੁੜ ਸੁਚਾਰੂ ਢੰਗ ਨਾਲ ਚਲਾਇਆ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
