DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Phagwara Murder: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚਚੇਰੇ ਭਰਾ ਦਾ ਬੇਰਹਿਮੀ ਨਾਲ ਕਤਲ, ਮੁੱਖ ਮੁਲਜ਼ਮ ਕਾਬੂ

ਜ਼ਮੀਨ ਦੀ ਡੀਲ ਵੇਖਣ ਗਏ ਭਰਾਵਾਂ ’ਚ ਹੋਈ ਤਕਰਾਰ; ਮੌਕੇ ਤੋਂ ਦੋ ਹਥਿਆਰ ਤੇ 6 ਕਾਰਤੂਸ ਬਰਾਮਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Phagwara Murder: ਕਪੂਰਥਲਾ ਦੇ ਥਾਨਾ ਸਤਨਾਮਪੁਰਾ ਖੇਤਰ ਵਿੱਚ ਜਲੰਧਰ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮੁਸਤੈਦੀ ਵਿਖਾਉਂਦੇ ਹੋਏ ਵਾਰਦਾਤ ਦੇ ਮੁੱਖ ਮੁਲਜ਼ਮ ਅਤੇ ਮ੍ਰਿਤਕ ਦੇ ਚਚੇਰੇ ਭਰਾ ਨੂੰ ਫਗਵਾੜਾ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਜਲੰਧਰ ਨਿਵਾਸੀ ਸਿਮਰਨਜੀਤ ਸਿੰਘ ਵਜੋਂ ਹੋਈ ਹੈ, ਜਦਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ, ਜੋ ਜਲੰਧਰ ਦੇ ਤਿਲਕ ਨਗਰ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਹੈ। ਪੁਲੀਸ ਨੇ ਘਟਨਾ ਸਥਾਨ ਤੋਂ ਦੋ ਹਥਿਆਰ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਰੀਬ 11 ਵਜੇ ਕਪੂਰਥਲਾ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਥਾਣਾ ਸਤਨਾਮਪੁਰਾ ਦੇ ਇਲਾਕੇ ਵਿੱਚ ਇੱਕ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਕਪੂਰਥਲਾ ਪੁਲੀਸ ਦੀਆਂ ਕਈ ਟੀਮਾਂ ਜਾਂਚ ਲਈ ਲਗਾਈਆਂ ਗਈਆਂ। ਪੁਲੀਸ ਨੇ ਸੀਸੀਟੀਵੀ ਫੁਟੇਜ, ਤਕਨੀਕੀ ਵਿਸ਼ਲੇਸ਼ਣ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁੱਖ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਫਗਵਾੜਾ ਬਾਈਪਾਸ ਤੋਂ ਦਬੋਚ ਲਿਆ। ਪੁਲਿਸ ਨੇ ਇਸ ਸਬੰਧੀ ਕਤਲ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀਆਈਜੀ ਨਵੀਨ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਇਹ ਕਤਲ ਪਹਿਲਾਂ ਤੋਂ ਮਿਥੀ ਸਾਜ਼ਿਸ਼ (ਪ੍ਰੀ-ਮੈਡੀਟੇਟਿਡ) ਨਹੀਂ ਸੀ, ਬਲਕਿ ਮੌਕੇ ’ਤੇ ਹੋਈ ਤਕਰਾਰ ਕਾਰਨ ਅੰਜਾਮ ਦਿੱਤਾ ਗਿਆ। ਵਾਰਦਾਤ ਵਾਲੀ ਥਾਂ ਤੋਂ ਸਿਮਰਨਜੀਤ ਸਿੰਘ ਵੱਲੋਂ ਗੋਲੀ ਚਲਾਏ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ।

Advertisement

ਪ੍ਰਾਪਰਟੀ ਦੇ ਪਲਾਟ ਨੂੰ ਵੇਖਣ ਗਏ ਸਨ ਦੋਵੇਂ ਭਰਾ

ਪੁਲੀਸ ਮੁਤਾਬਕ ਦੋਵੇਂ ਭਰਾ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਸਨ ਅਤੇ ਘਟਨਾ ਵਾਲੇ ਦਿਨ ਇੱਕ ਪਲਾਟ ਦਾ ਮੁਆਇਨਾ ਕਰਨ ਗਏ ਸਨ। ਮੁਲਜ਼ਮ ਸ਼ਰਨਜੀਤ ਸਿੰਘ ਆਪਣੀ ਗੱਡੀ ਵਿੱਚ ਆਪਣੇ 5 ਦੋਸਤਾਂ ਨਾਲ ਆਇਆ ਸੀ, ਜਦਕਿ ਸਿਮਰਨਜੀਤ ਸਿੰਘ ਆਪਣੀ ਲਗਜ਼ਰੀ ਕਾਰ ਵਿੱਚ ਇਕੱਲਾ ਪਹੁੰਚਿਆ ਸੀ। ਦੋਵਾਂ ਕੋਲ ਹਥਿਆਰ ਸਨ। ਪ੍ਰਾਪਰਟੀ ਦੇ ਕਾਰੋਬਾਰ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ ਅਤੇ ਸਿਮਰਨਜੀਤ ਨੇ ਸ਼ਰਨਜੀਤ ਨੂੰ ਕੁਝ ਪੈਸੇ ਦੇਣੇ ਸਨ।

Advertisement

ਦੋਸਤ ਦੇ ਲਾਇਸੰਸੀ ਪਿਸਤੌਲ ਨਾਲ ਚਲਾਈਆਂ ਗੋਲੀਆਂ

ਪਲਾਟ ’ਤੇ ਗੱਲਬਾਤ ਦੌਰਾਨ ਦੋਵਾਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਗੁੱਸੇ ਵਿੱਚ ਆ ਕੇ ਸ਼ਰਨਜੀਤ ਸਿੰਘ ਨੇ ਆਪਣੇ ਦੋਸਤ ਸੰਦੀਪ ਦੇ .32 ਬੋਰ ਦੇ ਲਾਇਸੰਸੀ ਪਿਸਤੌਲ ਨਾਲ ਸਿਮਰਨਜੀਤ ’ਤੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪੁਲੀਸ ਨੇ ਮੌਕੇ ਤੋਂ ਚੱਲੇ ਹੋਏ ਕਾਰਤੂਸਾਂ ਦੇ ਖੋਲ ਅਤੇ ਹਥਿਆਰ ਬਰਾਮਦ ਕਰ ਲਏ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸ਼ਰਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦਾ ਇੱਕ ਮਾਮਲਾ (ਧਾਰਾ 326 ਤਹਿਤ) ਦਰਜ ਸੀ, ਜਿਸ ਵਿੱਚੋਂ ਉਹ ਬਰੀ ਹੋ ਚੁੱਕਾ ਹੈ। ਪੁਲੀਸ ਹੁਣ ਫੜੇ ਗਏ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
×