ਕੋਵਿਡ ਟੈਸਟ ਲਈ ਵਾਧੂ ਵਸੂਲੇ 3.28 ਲੱਖ ਰੁਪਏ ਵਾਪਸ ਕਰੇਗਾ ਪਟੇਲ ਹਸਪਤਾਲ

ਕੋਵਿਡ ਟੈਸਟ ਲਈ ਵਾਧੂ ਵਸੂਲੇ 3.28 ਲੱਖ ਰੁਪਏ ਵਾਪਸ ਕਰੇਗਾ ਪਟੇਲ ਹਸਪਤਾਲ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਸਤੰਬਰ

ਕੋਵਿਡ-19 ਦੌਰਾਨ ਮਰੀਜ਼ਾਂ ਦੀ ਟੈਸਟਾਂ ਵਿੱਚ ਛਿੱਲ ਲਾਹੁਣ ਵਾਲੇ ਪ੍ਰਾਈਵੇਟ ਹਸਪਤਾਲ ਨੂੰ ਮਰੀਜ਼ਾਂ ਕੋਲੋਂ ਵਾਧੂ ਵਸੂਲੇ 3 ਲੱਖ 28 ਹਜ਼ਾਰ ਰੁਪਏ ਵਾਪਸ ਕਰਨ ਦੀਆਂ ਹਦਾਇਤਾਂ ਡਿਪਟੀ ਕਮਿਸ਼ਨਰ ਵੱਲੋਂ ਕੀਤੀਆਂ ਗਈਆਂ ਹਨ। ਪਟੇਲ ਹਸਪਤਾਲ ਵੱਲੋਂ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਉਣ ਵਾਲੇ 106 ਓਪੀਡੀ ਮਰੀਜ਼ਾਂ ਕੋਲੋਂ 3.28 ਲੱਖ ਰੁਪਏ ਵੱਧ ਵਸੂਲੇ ਗਏ ਸਨ।  ਹਸਪਤਾਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਇਹ ਵਾਧੂ ਵਸੂਲ ਕੀਤੀ ਰਕਮ ਉਨ੍ਹਾਂ ਵੱਲੋਂ 106 ਓਪੀਡੀ ਮਰੀਜ਼ਾਂ ਨੂੰ ਵਾਪਸ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜੀਟੀਬੀ ਨਗਰ ਦੇ ਵਸਨੀਕ ਰਾਜੀਵ ਮਕੋਲ ਵੱਲੋਂ ਕੀਤੀ ਸ਼ਿਕਾਇਤ ਕਿ ਪਟੇਲ ਹਸਪਤਾਲ ਵੱਲੋਂ ਉਸ ਕੋਲੋਂ 21 ਜੁਲਾਈ ਨੂੰ ਟੈਸਟ ਲਈ 5,500 ਰੁਪਏ ਵਸੂਲ ਕੀਤੇ ਗਏ ਸਨ ਜਦਕਿ ਸਰਕਾਰ ਵੱਲੋਂ ਟੈਸਟ ਲਈ ਟੈਕਸਾਂ ਸਮੇਤ ਵੱਧ ਤੋਂ ਵੱਧ 2,400 ਰੁਪਏ ਦੀ ਰਕਮ ਤੈਅ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਡੀਸੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਹਾਇਕ ਕਮਿਸ਼ਨਰ ਰਨਦੀਪ ਗਿੱਲ ਵੱਲੋਂ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਗਈ ਜਿਸ ਵਿੱਚ ਹਸਪਤਾਲ ਦੀ ਗਲਤੀ ਪਾਈ ਗਈ ਹੈ।

ਸ਼੍ਰੀ ਥੋਰੀ ਨੇ ਦੱਸਿਆ ਕਿ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਓਪੀਡੀ ਦੇ 106 ਮਰੀਜ਼ਾਂ ਤੋਂ ਵੱਧ ਵਸੂਲ ਕੀਤੀ 3.28 ਲੱਖ ਰੁਪਏ ਦੀ ਰਕਮ ਵਾਪਸ ਕਰਨਾ ਸਵੀਕਾਰ ਕੀਤਾ ਹੈ ਅਤੇ ਏਨੀ ਹੀ ਰਾਸ਼ੀ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਸਪਤਾਲ ਵੱਲੋਂ ਵੱਖਰੇ ਖਾਤੇ ਵਿਚ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਮੰਨਿਆ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਦਰ 2,400 ਰੁਪਏ ਤੈਅ ਕਰਨ ਸਬੰਧੀ ਸਰਕਾਰ ਦੇ ਨੋਟੀਫਿਕੇਸਨ ਬਾਰੇ ਜਾਣੂ ਨਹੀਂ ਸਨ।

ਜਾਂਚ ਵਿਚ ਪਾਇਆ ਗਿਆ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦਿਆਂ ਹਸਪਤਾਲ ਵੱਲੋਂ 3100 ਰੁਪਏ ਵੱਧ ਵਸੂਲ ਕੀਤੇ ਸਨ।      

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All