ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਜਨਵਰੀ
ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਕਾਂਗਰਸੀ ਉਮੀਦਵਾਰ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਇਥੋਂ ਦੇ ਪੀਪੀਆਰ ਮਾਲ ਵਿਚ ਸੈਂਕੜੇ ਸਮਰਥਕਾਂ ਨਾਲ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕੀਤੀ ਗਈ। ਇਸ ਮੌਕੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਪਿਛਲੀਆਂ ਚੋਣਾਂ ਨਾਲੋਂ ਕੁਝ ਵੱਖਰੀਆਂ ਹਨ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਇਕੱਲੇ ਉਨ੍ਹਾਂ ਦੀਆਂ ਹੀ ਨਹੀਂ ਹਨ ਬਲਕਿ ਇਹ ਜਲੰਧਰ ਛਾਉਣੀ ਹਲਕੇ ਦੇ ਹਰ ਵੋਟਰ ਦੀ ਚੋਣ ਹੈ, ਚੋਣਾਂ ਦੌਰਾਨ ਹਰ ਸਹੀ ਸੋਚ ਵਾਲੇ ਵਿਅਕਤੀ ਦੇ ਸਾਥ ਦੀ ਲੋੜ ਹੈ ਤਾਂ ਜੋ ਹਲਕੇ ਦੀ ਵਿਕਾਸ ਨਿਰੰਤਰ ਜਾਰੀ ਰੱਖਿਆ ਜਾ ਸਕੇ । ਉਨ੍ਹਾਂ ਕਿਹਾ ਕਿ ਸਹੀ ਚੋਣ ਪੰਜਾਬ ਨੂੰ ਵਿਕਾਸ ਦੇ ਮਾਰਗ ’ਤੇ ਲੈ ਕੇ ਜਾਵੇਗੀ। ਇਸ ਸਮੇਂ ਜਲੰਧਰ ਛਾਉਣੀ ਹਲਕੇ ਵਿੱਚ ਅਨੇਕਾਂ ਵਿਕਾਸ ਕਾਰਜ ਚੱਲ ਰਹੇ ਹਨ। ਅਉਣ ਵਾਲੇ ਸਮੇਂ ਵਿੱਚ ਜਲੰਧਰ ਛਾਉਣੀ ਹਲਕੇ ਵਿੱਚ ਬਾਕੀ ਰਹਿੰਦੇ ਕਾਰਜਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਲਕੇ ਨਾਲ ਸਬੰਧਤ ਕੌਂਸਲਰ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸੀਨੀਅਰ ਕਾਂਗਰਸੀ ਆਗੂ, ਜ਼ਿਲ੍ਹਾ ਕਾਂਗਰਸ ਕਮੇਟੀ (ਅਰਬਨ) ਦੇ ਪ੍ਰਧਾਨ ਬਲਰਾਜ ਠਾਕੁਰ, ਹਲਕੇ ਦੇ ਮੋਹਤਬਰ ਵਿਅਕਤੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।