ਖਰਾਬ ਅਮਨ ਕਾਨੂੰਨ ਦੀ ਸਥਿਤੀ ਕਰਕੇ ਆਪਣੇ ਘਰਾਂ ਦੀ ਬਜਾਏ ਹੋਟਲਾਂ 'ਚ ਠਹਿਰਦੇ ਹਨ NRI : ਜਾਖੜ
ਪਰਵਾਸੀ ਪੰਜਾਬੀਆਂ ਦਾ ਸੂਬੇ ਦੇ ਵਿਕਾਸ ਅਤੇ ਸਿਆਸਤ ਵਿੱਚ ਅਹਿਮ ਯੋਗਦਾਨ : ਭਾਜਪਾ ਸੂਬਾ ਪ੍ਰਧਾਨ
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਕਿਹਾ ਕਿ ਪਰਵਾਸੀ ਪੰਜਾਬੀਆਂ ਦੀ ਸੂਬੇ ਦੇ ਵਿਕਾਸ ਅਤੇ ਸਿਆਸਤ ਵਿਚ ਅਹਿਮ ਭੁਮਿਕਾ ਹੈ। ਉਹ ਆਪਣੀ ਜਨਮ ਭੂਮੀ ਨੂੰ ਅਥਾਹ ਪਿਆਰ ਕਰਦੇ ਹਨ ਅਤੇ ਹਮੇਸ਼ਾ ਇਸ ਦੀ ਸੁੱਖ ਲੋੜਦੇ ਹਨ।
ਪਰਵਾਸੀ ਪੰਜਾਬੀਆਂ ਨਾਲ ਮਿਲਣੀ ਦੌਰਾਨ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਦੇ ਆਪਣੇ ਉਦੇਸ਼ ਵਿੱਚ ਉਨ੍ਹਾਂ ਦੀ ਭਾਗੀਦਾਰੀ ਲੈਣਾ ਚਾਹੁੰਦੀ ਹੈ, ਤਾਂ ਜੋ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਜਦ ਕੋਈ ਪਰਵਾਸੀ ਚਾਵਾਂ ਨਾਲ ਆਪਣੇ ਸੂਬੇ ਵਿਚ ਆਉਂਦਾ ਹੈ ਤਾਂ ਇੱਥੋਂ ਦੀ ਅਮਨ ਕਾਨੂੰਨ ਦੀ ਸਥਿਤੀ ਦੇਖ ਕੇ ਦੁੱਖੀ ਹੁੰਦਾ ਹੈ। ਸੂਬੇ ਵਿਚ ਹਾਲਾਤ ਅਜਿਹੇ ਹਨ ਕਿ ਐੱਨ ਆਰ ਆਈ ਪੰਜਾਬ ਆ ਕੇ ਆਪਣੇ ਘਰਾਂ ਵਿਚ ਰਹਿਣ ਦੀ ਬਜਾਏ ਹੋਟਲਾਂ ਵਿਚ ਠਹਿਰਦੇ ਹਨ।
ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿਚ ਜੇਕਰ ਕਿਸੇ ਐੱਨ ਆਰ ਆਈ ਨੂੰ ਜਾਣਾ ਪੈ ਜਾਵੇ ਤਾਂ ਉਥੇ ਵੀ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਭਾਜਪਾ ਇਹ ਹਾਲਾਤ ਬਦਲਣ ਦੇ ਉਦੇਸ਼ ਨਾਲ ਕੰਮ ਕਰ ਰਹੀ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਾਲਤ ਇਹ ਹੈ ਕਿ ਉਹ ਸਿਰਫ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੈ। ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ 'ਤੇ ਇਨਾਮ ਰੱਖਣ ਸਬੰਧੀ ਪ੍ਰਕਾਸ਼ਿਤ ਇਸਤਿਹਾਰ ਨੂੰ ਸਰਕਾਰ ਦੇ ਬੌਧਿਕ ਪਤਨ ਦਾ ਸ਼ਿਖਰ ਦੱਸਦਿਆਂ ਕਿਹਾ ਕਿ ਆਪਣੀ ਫੋਟੋ ਛਪਵਾਉਣ ਦੀ ਲਾਲਸਾ ਇਸ ਕਦਰ ਵੱਧ ਗਈ ਕਿ ਸਾਰੀਆਂ ਮਰਿਆਦਾਵਾਂ ਛਿੱਕੇ ਟੰਗ ਕੇ ਮੁੱਖ ਮੰਤਰੀ ਗੈਂਗਸਟਰਾਂ ਦੀਆਂ ਤਸਵੀਰਾਂ 'ਤੇ ਵੀ ਆਪਣੀ ਫੋਟੋ ਛਾਪ ਰਹੇ ਹਨ।

