ਨਾਮਜ਼ਦਗੀਆਂ: ਤੀਜੇ ਦਿਨ 30 ਤੋਂ ਵੱਧ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ

ਨਾਮਜ਼ਦਗੀਆਂ: ਤੀਜੇ ਦਿਨ 30 ਤੋਂ ਵੱਧ ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ

ਸ਼ੋ੍ਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਬਡਾਲਾ ਨਾਮਜ਼ਦਗੀ ਪੇਪਰ ਦਾਖ਼ਲ ਕਰਦੇ ਹੋਏ।

ਪਾਲ ਸਿੰਘ ਨੌਲੀ

ਜਲੰਧਰ, 28 ਜਨਵਰੀ

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ 12 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਤੋਂ ਇਕ, ਨਕੋਦਰ ਤੋਂ ਦੋ, ਸ਼ਾਹਕੋਟ ਤੋਂ ਇਕ, ਕਰਤਾਰਪੁਰ ਤੋਂ ਤਿੰਨ, ਜਲੰਧਰ ਪੱਛਮੀ ਤੋਂ ਤਿੰਨ, ਜਲੰਧਰ ਉੱਤਰੀ ਤੋਂ ਇਕ ਅਤੇ ਜਲੰਧਰ ਛਾਉਣੀ ਤੋਂ ਇਕ ਉਮੀਦਵਾਰ ਵੱਲੋਂ ਸਬੰਧਤ ਰਿਟਰਨਿੰਗ ਅਫਸਰਾਂ ਪਾਸ ਆਪਣੇ ਕਾਗਜ਼ ਦਾਖਲ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਤੋਂ ਸਮਾਜਿਕ ਸੰਘਰਸ਼ ਪਾਰਟੀ ਦੀ ਹਰਵਿੰਦਰ ਕੌਰ, ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਤੇ ਨਵਜੀਤ ਕੌਰ, ਸ਼ਾਹਕੋਟ ਤੋਂ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸੁਖਦੇਵ ਅਤੇ ਕਰਤਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਤੇ ਮਨਜੀਤ ਕੁਮਾਰੀ ਅਤੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸੇ ਤਰ੍ਹਾਂ ਜਲੰਧਰ ਪੱਛਮੀ ਤੋਂ ਅਨਿਲ ਕੁਮਾਰ ਤੇ ਰਵੀ ਮੋਹਨ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਨੀਲਮ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਜਦਕਿ ਜਲੰਧਰ ਉੱਤਰੀ ਤੋਂ ਦੀਪਕ ਕੰਬੋਜ ਅਤੇ ਜਲੰਧਰ ਛਾਉਣੀ ਤੋਂ ਸਤਨਾਮ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ ਹਨ।

ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹਾ ਚੋਣ ਅਧਿਕਾਰੀ ਕਮ ਜਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਜੇ ਦਿਨ ਅੱਜ ਜਿਲ੍ਹੇ ਅੰਦਰ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਦੇ ਪਰਚੇ ਦਾਖਲ ਕੀਤੇ ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਮਲਕੀਤ ਸਿੰਘ ਗਿੱਲ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਪੂਰਨ ਸਿੰਘ ਸ਼ੇਖ ਨੇ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਉਮੀਦਵਾਰ ਵਜੋਂ, ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਕੰਵਲਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

ਗੜ੍ਹਸ਼ੰਕਰ(ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਅੱਜ ਇੱਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕੀਤੇ ਗਏ । ਪ੍ਰਾਪਤ ਜਾਣਕਾਰੀ ਅਨੁਸਰ ਅਵਤਾਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਾਹਿਲ ਪੁਰ ਨੇ ਐੱਸਡੀਐੱਮ ਦਫਤਰ ਗੜ੍ਹਸ਼ੰਕਰ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕੀਤੇ।

ਹੁਸ਼ਿਆਰਪੁਰ(ਹਰਪ੍ਰੀਤ ਕੌਰ): ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਹਲਕਾ ਚੱਬੇਵਾਲ ਤੋਂ ਅੱਜ ਬਤੌਰ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ ਕੁੱਲ 10 ਉਮੀਦਵਾਰਾਂ ਵੱਲੋਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਵਿਧਾਨ ਸਭਾ ਹਲਕਾ ਮੁਕੇਰੀਆਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੰਗੀ ਲਾਲ ਮਹਾਜਨ ਅਤੇ ਮਹੇਸ਼ਵਰ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਗੁਰਵਤਨ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ ਹਨ। ਦਸੂਹਾ ਵਿਧਾਨ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਰਘੁਨਾਥ ਸਿੰਘ ਰਾਣਾ ਅਤੇ ਪਰੋਮਿਲਾ ਰਾਣਾ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ, ਜਦਕਿ ਉੜਮੁੜ ਲਈ ਆਮ ਆਦਮੀ ਪਾਰਟੀ ਵਲੋਂ ਜਸਵੀਰ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਲਈ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਰਾਜਵੀਰ ਸਿੰਘ ਨੇ ਕਾਗਜ਼ ਦਾਖਲ ਕਰਵਾਏ ਹਨ। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਲਈ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਨੇ ਦੱਸਿਆ ਕਿ ਹੁਣ ਤੱਕ 18 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ।

ਬਲਾਚੌਰ(ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਹੋਈ ਨਾਮਜ਼ਦਗੀ ਪ੍ਰਕਿਰਿਆ ਦੇ ਤੀਸਰੇ ਦਿਨ ਅੱਜ ਬਲਾਚੌਰ ਵਿਧਾਨ ਸਭਾ ਹਲਕੇ ਲਈ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਹੈ। ਬਲਾਚੌਰ ਦੇ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਲਾਚੌਰ ਹਲਕੇ ਲਈ ਸੁਭਾਸ਼ ਬਾਠ ਪੁੱਤਰ ਹਰਬੰਸ ਲਾਲ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ।

ਗੁਰਦਾਸਪੁਰ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਜੇ ਦਿਨ ਦੋ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਅਤੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵੱਲੋਂ ਨਿਤਿਸ਼ ਚੌਹਾਨ ਨੇ ਨਾਮਜ਼ਦਗੀ ਪੱਤਰ ਭਰੇ।

ਸ਼ਾਹਕੋਟ(ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਉਮੀਦਵਾਰ ਸੁਖਵਿੰਦਰ ਸੋਨੂੰ ਵੱਲੋਂ ਅੱਜ ਚੋਣ ਰਿਟਰਨਿੰਗ ਅਫਸਰ ਸ਼ਾਹਕੋਟ ਲਾਲ ਵਿਸਵਾਸ਼ ਬੈਂਸ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਪ੍ਰਕਾਰ ਹਲਕਾ ਸ਼ਾਹਕੋਟ ਤੋਂ ਅੱਜ ਤੱਕ 4 ਉਮੀਦਵਾਰ ਚੋਣ ਮੈਦਾਨ ਵਿਚ ਆ ਗਏ ਹਨ। ਵੀਰਵਾਰ ਕਾਂਗਰਸ ਵੱਲੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਕਵਰਿੰਗ ਵਜੋਂ ਮਨਜਿੰਦਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਨੇ ਨਾਮਜ਼ਦਗੀ ਪੱਤਰ ਭਰੇ ਸਨ।

ਭੁਲੱਥ(ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰਾਜਿੰਦਰ ਸਿੰਘ ਫੌਜੀ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਐੱਸਡੀਐੱਮ ਭੁਲੱਥ ਡਾਕਟਰ ਸ਼ਾਇਰੀ ਮਲਹੋਤਰਾ ਸਾਹਮਣੇ ਸਬ ਡਿਵੀਜ਼ਨ ਕੰਪਲੈਕਸ ਵਿੱਚ ਦਾਖ਼ਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕੇ ਦੇ ਚੋਣ ਅਧਿਕਾਰੀ ਡਾਕਟਰ ਮਲਹੋਤਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਦਫਤਰ ਵਿਚ ਪਹਿਲੀ ਨਾਮਜ਼ਦਗੀ ਅਕਾਲੀ ਦਲ ਅੰਮ੍ਰਿਤਸਰ ਦੇ ਰਾਜਿੰਦਰ ਸਿੰਘ ਫੌਜੀ ਵੱਲੋਂ ਭਰੀ ਗਈ ਹੈ।

ਕਾਂਗਰਸੀ ਉਮੀਦਵਾਰ ਧਾਲੀਵਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਬਲਵਿੰਦਰ ਸਿੰਘ ਧਾਲੀਵਾਲ।

ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਐਸ.ਡੀ.ਐਮ ਕਮ ਰਿਟਰਨਿੰਗ ਅਫ਼ਸਰ ਕੁਲਪ੍ਰੀਤ ਸਿੰਘ ਪਾਸ ਜਮ੍ਹਾ ਕਰਵਾਏ। ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾ ਅਨੁਸਾਰ ਕਾਂਗਰਸੀ ਉਮੀਦਵਾਰ ਆਪਣੇ ਨਾਲ ਦੋ ਮੈਂਬਰਾ ਨੂੰ ਲੈ ਕੇ ਐਸ.ਡੀ.ਐਮ ਦਫ਼ਤਰ ਪੁੱਜੇ ਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾ ਧਾਲੀਵਾਲ ਨੇ ਗੁਰੂ ਹਰਗੋਬਿੰਦ ਨਗਰ ਵਿਖੇ ਸਥਿਤ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਉਹ ਫਗਵਾੜਾ ਵਾਸੀਆਂ ਦੀ ਸੇਵਾ ਲਈ ਹਾਜ਼ਰ ਹਨ ਤੇ ਪਹਿਲਾਂ ਵੀ ਉਨ੍ਹਾਂ ਡੱਟ ਕੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਲੋਕਾਂ ਵਲੋਂ ਮੁੜ ਮੌਕਾ ਦੇਣ ’ਤੇ ਵੀ ਉਹ ਸ਼ਹਿਰ ਦੇ ਬਕਾਇਆ ਕੰਮ ਕਰਵਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਾਂਗਰਸੀ ਵਰਕਰਾ ਨੂੰ ਅਪੀਲ ਕੀਤੀ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਸੰਜੀਵ ਬੁੱਗਾ, ਨਰੇਸ਼ ਭਾਰਦਵਾਜ, ਸੰਮਤੀ ਮੈਂਬਰ, ਬਲਾਕ ਪ੍ਰਧਾਨ, ਵਾਈ ਚੇਅਰਮੈਨ, ਯੂਥ ਵਿੰਗ, ਮਹਿਲਾ ਵਿੰਗ, ਸਾਬਕਾ ਕੌਂਸਲਰ, ਪੰਚ ਤੇ ਸਰਪੰਚ ਵੱਡੀ ਗਿਣਤੀ ’ਚ ਸ਼ਾਮਿਲ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All