Nanded Sahib Board Act: ਨੰਦੇੜ ਸਾਹਿਬ ਬੋਰਡ ਐਕਟ ਬਦਲ ਕੇ ਸਿੱਖ ਸੰਸਥਾਵਾਂ ’ਤੇ ਸਿੱਧਾ ਹਮਲਾ ਕਰ ਰਹੀ ਹੈ ਮਹਾਰਾਸ਼ਟਰ ਸਰਕਾਰ: ਮਾਨ
ਬਾਹਰਲੇ ਸੂਬਿਆਂ 'ਚ ਸਿੱਖ ਨੌਜਵਾਨਾਂ ’ਤੇ ਹਮਲੇ ਕਰਨ ਵਾਲੇ ਤੁਰੰਤ ਹੋਣ ਗ੍ਰਿਫ਼ਤਾਰ; ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਲਈ ਇਕਜੁੱਟ ਹੋਣ ਦਾ ਦਿੱਤਾ ਸੱਦਾ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਲੀਮੈਂਟਰੀ ਬੋਰਡ ਦੇ ਮੁਖੀ ਈਮਾਨ ਸਿੰਘ ਮਾਨ ਨੇ ਜਲੰਧਰ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਦੇ ਪ੍ਰਬੰਧਕੀ ਬੋਰਡ ਦਾ 1956 ਤੋਂ ਚੱਲਿਆ ਆ ਰਿਹਾ ਇਤਿਹਾਸਕ ਐਕਟ ਬਦਲਣਾ ਸਿੱਖ ਕੌਮ ’ਤੇ ਇੱਕ ਵੱਡਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਤਹਿਤ ਬੋਰਡ ਦੇ 14 ਮੈਂਬਰਾਂ ਵਿੱਚੋਂ 12 ਮੈਂਬਰਾਂ ਦੀ ਸਿੱਧੀ ਚੋਣ (ਨਾਮਜ਼ਦਗੀ) ਉੱਥੋਂ ਦੀ ਸਰਕਾਰ ਵੱਲੋਂ ਆਪਣੇ ਹਿਸਾਬ ਨਾਲ ਕੀਤੀ ਜਾਣੀ ਹੈ। ਸਰਕਾਰਾਂ ਸਿੱਖ ਸੰਸਥਾਵਾਂ ਦੇ ਆਪਸੀ ਏਕੇ ਨੂੰ ਤੋੜ ਕੇ ਸਿੱਖਾਂ ਨੂੰ ਸਿੱਧੇ ਰੂਪ ਵਿੱਚ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੇ ਰਵਾਇਤੀ ਸ਼ਸਤਰ ਰੱਖਣ ਤੋਂ ਰੋਕਣਾ ਅਤੇ ਇਨ੍ਹਾਂ ਨੂੰ ਜ਼ਬਤ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨਾ ਬੇਹੱਦ ਮੰਦਭਾਗਾ ਹੈ।
ਈਮਾਨ ਸਿੰਘ ਮਾਨ ਨੇ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਜਾਨਲੇਵਾ ਹਮਲੇ ਕਰਨ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣਾ ਵਿੱਚ ਕੁਝ ਸ਼ਰਾਰਤੀ ਅੰਸ਼ਾਂ ਵੱਲੋਂ ਗੁਰੂ ਸਾਹਿਬਾਨ ਬਾਰੇ ਬੋਲੀ ਜਾ ਰਹੀ ਭੱਦੀ ਅਤੇ ਅਪਮਾਨਜਨਕ ਸ਼ਬਦਾਵਲੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਹ ਸਿੱਖ ਜਗਤ ਲਈ ਅਸਹਿਣਯੋਗ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੀਆਂ ਗਲਤ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਅਜਨਾਲਾ ਨੇੜੇ ਭਾਜਪਾ ਆਗੂਆਂ ਦੇ ਨਜ਼ਦੀਕੀਆਂ ਕੋਲੋਂ ਕਥਿਤ ਤੌਰ 'ਤੇ ਹਥਿਆਰਾਂ ਦਾ ਜਖ਼ੀਰਾ ਫੜੇ ਜਾਣ ਦੇ ਮਾਮਲੇ ’ਤੇ ਬੋਲਦਿਆਂ ਕਿਹਾ ਕਿ ਇਹ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਵੱਡੀ ਸਾਜ਼ਿਸ਼ ਹੈ, ਜੋ ਆਮ ਲੋਕਾਂ ਲਈ ਘਾਤਕ ਸਾਬਤ ਹੋ ਸਕਦੀ ਹੈ।
ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਤਹਿਤ ਸਿੱਖ ਕੌਮ ਨੂੰ ਕਿਰਪਾਨ ਧਾਰਨ ਕਰਕੇ ਚੱਲਣ ਦਾ ਸੰਵਿਧਾਨਕ ਹੱਕ ਦਿੱਤਾ ਗਿਆ ਹੈ, ਪਰ ਪਾਰਲੀਮੈਂਟ ਵਿੱਚ ਸੂਬੇ ਦੇ ਰਵਾਇਤੀ ਆਗੂਆਂ ਨੇ ਕੇਂਦਰ ਨਾਲ ਮਿਲ ਕੇ ਇਸ ਮੁੱਦੇ ’ਤੇ ਜ਼ੋਰਦਾਰ ਆਵਾਜ਼ ਨਹੀਂ ਉਠਾਈ, ਜਿਸ ਕਾਰਨ ਮਿਲੇ ਹੋਏ ਹੱਕਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ 'ਤੇ ਵੀ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਕੁਝ ਪੁਲਿਸ ਅਫ਼ਸਰਾਂ ਰਾਹੀਂ ਗੁਰੂਗ੍ਰਾਮ ਦੀਆਂ ਲੈਬੋਰਟਰੀਆਂ ਤੋਂ ਤਿਆਰ ਕਰਵਾਈਆਂ ਗਈਆਂ ਕਥਿਤ ਝੂਠੀਆਂ ਰਿਪੋਰਟਾਂ ਹੁਣ ਜੱਗ-ਜ਼ਾਹਰ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੁੱਧ ਕੀਤੇ ਜਾ ਰਹੇ ਹਰ ਕਾਰਜ ਦੀ ਪੁਰਜ਼ੋਰ ਨਿੰਦਾ ਕਰਦਾ ਹੈ। ਉਨ੍ਹਾਂ ਸਮੂਹ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਪਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਸਵਾਲ ’ਤੇ ਇਕਜੁੱਟ ਹੋਣ। ਇਸ ਪ੍ਰੈੱਸ ਕਾਨਫਰੰਸ ਦੌਰਾਨ ਡਾ. ਹਰਜਿੰਦਰ ਸਿੰਘ, ਪ੍ਰੋਫੈਸਰ ਮਹਿੰਦਰ ਪਾਲ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ, ਬੀਬੀ ਸੁਖਜੀਤ ਕੌਰ, ਪ੍ਰਿੰਸੀਪਲ ਕੇਵਲ ਸਿੰਘ, ਜਸਬੀਰ ਸਿੰਘ, ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਸਰਬਜੀਤ ਸਿੰਘ ਖਾਲਸਾ ਅਤੇ ਗੁਰਮੁਖ ਸਿੰਘ ਬਾਜਵਾ ਸਮੇਤ ਹੋਰ ਕਈ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
