Mohali Suntec City Case: ਈਡੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ Anurag Verma ਤੋਂ ਪੁੱਛਗਿੱਛ
ਜਲੰਧਰ ਜ਼ੋਨਲ ਦਫ਼ਤਰ ਵਿਖੇ ਫਾਈਲ ਸਮੇਤ ਪੁੱਜੇ ਸਨ ਸੀਨੀਅਰ ਆਈਏਐਸ ਅਧਿਕਾਰੀ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸੀਨੀਅਰ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਦਾ ਬਿਆਨ ਦਰਜ ਕੀਤਾ ਹੈ। ਇਹ ਪੁੱਛਗਿੱਛ ਬਿਲਡਰਾਂ ਅਤੇ ਨਿੱਜੀ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਲਾਭ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਤਬਦੀਲ ਕਰਨ (CLU) ਦੀਆਂ ਮਨਜ਼ੂਰੀਆਂ ਵਿੱਚ ਹੋਈਆਂ ਕਥਿਤ ਗੜਬੜੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ।
ਮੌਜੂਦਾ ਸਮੇਂ ਪੰਜਾਬ ਦੇ ਵਧੀਕ ਮੁੱਖ ਸਕੱਤਰ (ਮਾਲ/Revenue) ਵਜੋਂ ਸੇਵਾ ਨਿਭਾ ਰਹੇ ਅਨੁਰਾਗ ਵਰਮਾ ਪੁੱਛਗਿੱਛ ਦੌਰਾਨ ਆਪਣੇ ਨਾਲ ਕੁਝ ਮਹੱਤਵਪੂਰਨ ਦਸਤਾਵੇਜ਼ ਵੀ ਲੈ ਕੇ ਆਏ ਸਨ। ਜਾਂਚ ਅਧਿਕਾਰੀਆਂ ਅਨੁਸਾਰ, ਉਨ੍ਹਾਂ ਦਾ ਬਿਆਨ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀਆਂ ਧਾਰਾਵਾਂ ਤਹਿਤ ਰਸਮੀ ਤੌਰ 'ਤੇ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 1993 ਬੈਚ ਦੇ ਆਈਏਐਸ ਅਧਿਕਾਰੀ ਅਨੁਰਾਗ ਵਰਮਾ ਇਸ ਤੋਂ ਪਹਿਲਾਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ (Housing and Urban Development Department) ਦੇ ਮੁਖੀ ਵੀ ਰਹਿ ਚੁੱਕੇ ਹਨ।
ਈਡੀ ਦੇ ਅਧਿਕਾਰੀਆਂ ਮੁਤਾਬਕ, ਜਾਂਚ ਏਜੰਸੀ ‘ਸਨਟੈਕ ਸਿਟੀ’ (Suntec City) ਅਤੇ ‘ਐਲਟਸ ਸਪੇਸ ਬਿਲਡਰ ਪ੍ਰਾਈਵੇਟ ਲਿਮਟਿਡ’ (Altus Space Builder Pvt Ltd) ਵਰਗੇ ਪ੍ਰਮੁੱਖ ਰਿਹਾਇਸ਼ੀ ਪ੍ਰੋਜੈਕਟਾਂ ਦੇ ਲੇਆਉਟ ਨਕਸ਼ਿਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਬਾਰੇ ਅਧਿਕਾਰੀ ਤੋਂ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।
ਮਨੀ ਲਾਂਡਰਿੰਗ ਦਾ ਇਹ ਮਾਮਲਾ ਪੰਜਾਬ ਪੁਲੀਸ ਵੱਲੋਂ ਦਰਜ ਕੀਤੀ ਗਈ ਇੱਕ ਐੱਫ.ਆਈ.ਆਰ. (FIR) ਤੋਂ ਉਪਜਿਆ ਹੈ। ਇਹ ਸ਼ਿਕਾਇਤ ਸਥਾਨਕ ਕਿਸਾਨਾਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਦਾ ਦੋਸ਼ ਸੀ ਕਿ ਬਿਲਡਰਾਂ ਵੱਲੋਂ CLU ਮਨਜ਼ੂਰੀਆਂ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਜਾਅਲੀ ਦਸਤਖ਼ਤ ਕਰਕੇ ਸਹਿਮਤੀ ਪੱਤਰ ਤਿਆਰ ਕੀਤੇ ਗਏ ਸਨ। ਇਸ ਜਾਂਚ ਦੇ ਹਿੱਸੇ ਵਜੋਂ ਈਡੀ ਨੇ ਚਾਲੂ ਵਰ੍ਹੇ ਮਈ-ਜੂਨ ਮਹੀਨੇ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ ਅਤੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ (ICHBS) ਦੇ ਸਕੱਤਰ ਤੇ ਰੀਅਲ ਅਸਟੇਟ ਕਾਰੋਬਾਰੀ ਅਜੇ ਸਹਿਗਲ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।
ਜ਼ਿਕਕਯੋਗ ਹੈ ਕਿ ਈਡੀ ਵੱਲੋਂ ਅਨੁਰਾਗ ਵਰਮਾ ਨੂੰ ਸਭ ਤੋਂ ਪਹਿਲਾਂ 31 ਅਗਸਤ ਲਈ ਸੰਮਨ ਜਾਰੀ ਕੀਤਾ ਗਿਆ ਸੀ, ਪਰ ਉਸ ਸਮੇਂ ਉਨ੍ਹਾਂ ਨੇ ਸਮਾਂ ਮੰਗ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 7 ਸਤੰਬਰ ਲਈ ਮੁੜ ਸੰਮਨ ਭੇਜਿਆ ਗਿਆ, ਜਿਸ ਤੋਂ ਬਾਅਦ ਪੇਸ਼ੀ ਦੀ ਤਾਰੀਖ਼ ਬਦਲ ਕੇ ਬੁੱਧਵਾਰ ਨਿਰਧਾਰਤ ਕੀਤੀ ਗਈ ਸੀ।

