DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਮ ਪਿਛੋਕੜ ਵਾਲੇ ਉਭਰਦੇ ਖਿਡਾਰੀਆਂ ਲਈ ਮਿੱਠਾਪੁਰ ਦਾ ‘ਮਨਪ੍ਰੀਤ’ ਬਣਿਆ ਮਿਸਾਲ

ਸਾਬਕਾ ਕਪਤਾਨ ਦੀ ਇਤਿਹਾਸਕ ਪ੍ਰਾਪਤੀ ਨੇ ਅਕੈਡਮੀ ਦੇ ਨੰਨ੍ਹੇ ਖਿਡਾਰੀਆਂ ਵਿੱਚ ਭਰਿਆ ਜੋਸ਼

  • fb
  • twitter
  • whatsapp
  • whatsapp
Advertisement

ਮਿੱਠਾਪੁਰ ਦੇ ਰਹਿਣ ਵਾਲੇ ਇੱਕ ਡਰਾਈਵਰ ਦੇ ਪੁੱਤਰ, 14 ਸਾਲਾ ਨਵਨੀਤ ਸਿੰਘ ਅਤੇ ਉਸ ਦੇ 10 ਸਾਲਾ ਛੋਟੇ ਭਰਾ ਅਵਨੀਤ ਸਿੰਘ ਦੇ ਚਾਅ ਅੱਜ-ਕੱਲ੍ਹ ਸਾਂਭੇ ਨਹੀਂ ਜਾ ਰਹੇ। ਪਿਛਲੇ ਕੁਝ ਦਿਨਾਂ ਤੋਂ ਇਹ ਦੋਵੇਂ ਭਰਾ ਆਪਣੇ ਆਦਰਸ਼, ਹਾਕੀ ਸਟਾਰ ਮਨਪ੍ਰੀਤ ਸਿੰਘ ਬਾਰੇ ਹੀ ਗੱਲਾਂ ਕਰ ਰਹੇ ਹਨ, ਜੋ 413 ਕੌਮਾਂਤਰੀ ਮੈਚ ਖੇਡ ਕੇ ਭਾਰਤ ਵੱਲੋਂ ਸਭ ਤੋਂ ਵੱਧ ਕੈਪਸ (ਮੈਚ) ਹਾਸਲ ਕਰਨ ਵਾਲੇ ਹਾਕੀ ਖਿਡਾਰੀ ਬਣ ਗਏ ਹਨ।

ਭਾਰਤ ਦੇ ਮਹਾਨ ਹਾਕੀ ਖਿਡਾਰੀਆਂ ਨੂੰ ਤਰਾਸ਼ਣ ਵਾਲੇ ਪਿੰਡ ਮਿੱਠਾਪੁਰ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ। ਗ਼ਰੀਬ ਤੇ ਸਧਾਰਨ ਪਰਿਵਾਰਾਂ ਨਾਲ ਸਬੰਧਤ ਅਤੇ ਅੱਖਾਂ ਵਿੱਚ ਵੱਡੇ ਸੁਪਨੇ ਸਜਾਈ ਇਹ ਬੱਚੇ ਰੋਜ਼ਾਨਾ ਉਸੇ ਮੈਦਾਨ ਵਿੱਚ ਪਸੀਨਾ ਵਹਾਉਂਦੇ ਹਨ, ਜਿੱਥੇ ਕਦੇ ਨਿੱਕੇ ਹੁੰਦਿਆਂ ਮਨਪ੍ਰੀਤ ਨੇ ਭਾਰਤੀ ਜਰਸੀ ਪਾਉਣ ਦਾ ਸੁਪਨਾ ਦੇਖਦਿਆਂ ਆਪਣੀ ਖੇਡ ਨੂੰ ਨਿਖਾਰਿਆ ਸੀ। ਇਹ ਉਭਰਦੇ ਖਿਡਾਰੀ ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਤੋਂ ਪ੍ਰੇਰਿਤ ਹੋ ਕੇ ਹੀ ਹਾਕੀ ਸਟਿਕ ਫੜ ਕੇ ਮੈਦਾਨ ਵਿੱਚ ਨਿੱਤਰੇ ਹਨ।

Advertisement

ਓਲੰਪੀਅਨ ਮਨਪ੍ਰੀਤ ਦੀ ਇਸ ਬੇਮਿਸਾਲ ਪ੍ਰਾਪਤੀ ਨੇ ਪੂਰੇ ਮਿੱਠਾਪੁਰ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਅਤੇ ਇੱਥੋਂ ਦੇ ਨੌਜਵਾਨ ਖਿਡਾਰੀਆਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ। ਨਵਨੀਤ ਅਤੇ ਅਵਨੀਤ ਦੀ ਮਾਂ ਅਨੂ ਨੇ ਦੱਸਿਆ, “ਪਿਛਲੇ ਦੋ-ਤਿੰਨ ਦਿਨਾਂ ਤੋਂ ਮੇਰੇ ਬੱਚੇ ਸਿਰਫ਼ ਆਪਣੇ ‘ਮਨਪ੍ਰੀਤ ਪਾਜੀ’ ਬਾਰੇ ਹੀ ਗੱਲਾਂ ਕਰ ਰਹੇ ਹਨ। ਮਨਪ੍ਰੀਤ ਜਦੋਂ ਵੀ ਮਿੱਠਾਪੁਰ ਆਉਂਦਾ ਹੈ, ਉਹ ਅਕੈਡਮੀ ਦੇ ਬੱਚਿਆਂ ਨੂੰ ਜ਼ਰੂਰ ਮਿਲਦਾ ਹੈ। ਮੇਰੇ ਬੱਚੇ ਵੀ ਉਸ ਨੂੰ ਮਿਲ ਚੁੱਕੇ ਹਨ, ਅਤੇ ਇਹ ਮੁਲਾਕਾਤ ਉਨ੍ਹਾਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ।”

Advertisement

ਮਿੱਠਾਪੁਰ ਹਾਕੀ ਅਕੈਡਮੀ ਕੋਚ, ਕੁਲਦੀਪ ਸਿੰਘ ਨੇ ਕਿਹਾ, “ ਮਨਪ੍ਰੀਤ ਵਾਂਗ ਹੀ ਇਹ ਬੱਚੇ ਵੀ ਬੇਹੱਦ ਸਧਾਰਨ ਪਰਿਵਾਰਾਂ ਤੋਂ ਆਉਂਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਵੱਡੇ ਸੁਪਨੇ ਹਨ। ਮੈਂ ਮਨਪ੍ਰੀਤ ਨੂੰ ਬਚਪਨ ਤੋਂ ਦੇਖਿਆ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਉਹ ਹੁਣ ਵਿਸ਼ਵ ਰਿਕਾਰਡ ਵੀ ਤੋੜੇ।”ਖ਼ੁਸ਼ੀ ਦਾ ਇਹ ਮਾਹੌਲ ਸਿਰਫ਼ ਇਨ੍ਹਾਂ ਦੋਵਾਂ ਭਰਾਵਾਂ ਤੱਕ ਹੀ ਸੀਮਤ ਨਹੀਂ ਹੈ।

ਮਿੱਠਾਪੁਰ ਹਾਕੀ ਅਕੈਡਮੀ ਦੇ ਹੋਰ ਨੰਨ੍ਹੇ ਖਿਡਾਰੀ ਜਿਵੇਂ ਹਿਮਾਂਸ਼ੂ, ਦਵਿੰਦਰ ਸਿੰਘ, ਸਾਹਿਬਜੋਤ ਸਿੰਘ ਅਤੇ ਮਾਨਸ ਸਮੇਤ ਦਰਜਨਾਂ ਬੱਚੇ ਮਨਪ੍ਰੀਤ ਦੇ ਇਸ ਮੁਕਾਮ ਨੂੰ ਆਪਣੀ ਨਿੱਜੀ ਜਿੱਤ ਵਾਂਗ ਮਨਾ ਰਹੇ ਹਨ।ਇਸ ਇਤਿਹਾਸਕ ਖ਼ਬਰ ਦੇ ਸਾਹਮਣੇ ਆਉਂਦੇ ਹੀ ਮਿੱਠਾਪੁਰ ਹਾਕੀ ਅਕੈਡਮੀ ਦੇ ਕੋਚਾਂ ਅਤੇ ਬੱਚਿਆਂ ਵੱਲੋਂ ਇੱਕ ਛੋਟਾ ਜਿਹਾ ਸਮਾਗਮ ਕਰਕੇ ਖ਼ੁਸ਼ੀ ਸਾਂਝੀ ਕੀਤੀ ਗਈ। ਅਕੈਡਮੀ ਦੇ ਕੋਚ ਕੁਲਦੀਪ ਸਿੰਘ ਨੇ ਦੱਸਿਆ, “ਜਦੋਂ ਮੈਂ ਬੱਚਿਆਂ ਨੂੰ ਦੱਸਿਆ ਕਿ ਮਨਪ੍ਰੀਤ ਨੇ ਇਤਿਹਾਸ ਰਚ ਦਿੱਤਾ ਹੈ, ਤਾਂ ਬੱਚਿਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹੁਣ ਇਨ੍ਹਾਂ ਬੱਚਿਆਂ ਦੀ ਲਗਨ ਹੋਰ ਵੀ ਵਧ ਗਈ ਹੈ।”

Advertisement
×