ਪਾਲ ਸਿੰਘ ਨੌਲੀ
ਜਲੰਧਰ, 24 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਦੇ ਮੀਧਾਂਸ਼ ਕੁਮਾਰ ਗੁਪਤਾ ਨੂੰ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਰਾਸ਼ਟਰੀ ਬਾਲ ਪੁਰਸਕਾਰ-2022 ਨਾਲ ਸਨਮਾਨਿਆ। ਪ੍ਰਧਾਨ ਮੰਤਰੀ ਮੋਦੀ ਨੇ ਆਨਲਾਈਨ ਦੇਸ਼ ਦੇ 29 ਬੱਚਿਆਂ ਨੂੰ ਐਵਾਰਡ ਦੇਣ ਮੌਕੇ ਛੇ ਬੱਚਿਆਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਵੀ ਕੀਤੀ ਗਈ, ਜਿਨ੍ਹਾਂ ਵਿੱਚ ਮੀਧਾਂਸ਼ ਵੀ ਆਪਣੇ ਮਾਤਾ-ਪਿਤਾ ਸਮੇਤ ਸ਼ਾਮਲ ਸੀ। ਪੰਜਾਬ ’ਚੋਂ ਇਸ ਐਵਾਰਡ ਲਈ ਚੁਣੇ ਗਏ ਇਕੱਲੇ ਮੀਧਾਂਸ਼ ਨੂੰ ਬਾਲ ਸ਼ਕਤੀ ਪੁਰਸਕਾਰ-2022 ਨਾਲ ਸਨਮਾਨਿਆ ਗਿਆ ਹੈ, ਜਿਸ ਵਿੱਚ ਮੈਡਲ, ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਡਿਜੀਟਲ ਪ੍ਰਸ਼ੰਸਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।
ਦੇਸ਼ ਦੇ ਛੇ ਹੋਣਹਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਬੱਚੇ ਸਕਾਰਾਤਮਕ ਅਤੇ ਲੋੜੀਂਦੀ ਤਬਦੀਲੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਜਿਸ ਦੀ ਸਮਾਜ ਨੂੰ ਸਖਤ ਲੋੜ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਆਸ਼ਿਕਾ ਜੈਨ ਨੇ ਮੀਧਾਂਸ਼ ਅਤੇ ਉਸ ਦੇ ਪਰਿਵਾਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਮੀਧਾਂਸ਼ ਤਰੱਕੀ ਦੀਆਂ ਸਿਖਰਾਂ ਨੂੰ ਛੋਂਹਦਾ ਹੋਇਆ ਸਮਾਜ ਅਤੇ ਲੋਕ ਭਲਾਈ ਕਾਰਜਾਂ ਵਿੱਚ ਮੋਹਰੀ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦਿਆਂ ਮੀਧਾਂਸ਼ ਨੇ ਦੱਸਿਆ ਕਿ ਉਸ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਖੋਜ ਪ੍ਰਤੀ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ, ਜਿਸ ਦੇ ਨਤੀਜੇ ਵਜੋਂ 9 ਸਾਲ ਉਮਰ ਵਿੱਚ ਰਾਸ਼ਟਰੀ ਰਿਕਾਰਡ ਲਈ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਕਰ ਲਿਆ ਗਿਆ ਸੀ। ਉਹ ਸਭ ਤੋਂ ਛੋਟਾ ਵੈੱਬਸਾਈਟ ਡਿਵੈਲਪਰ ਸੀ। ਉਸ ਨੇ ਆਪਣੀ ਪ੍ਰੋਫੈਸ਼ਨਲ ਵੈਬਸਾਈਟ ਤਿਆਰ ਕੀਤੀ ਸੀ, ਜਿਸ ਦਾ ਆਗਾਜ਼ ਵੀ ਕੌਮਾਂਤਰੀ ਯੋਗ ਦਿਵਸ ਮੌਕੇ ਹੋਇਆ ਸੀ। ਉਸ ਨੇ ਦੱਸਿਆ ਕਿ ਕਰੋਨਾ ਕਾਲ ਦੌਰਾਨ ਜਨਤਾ ਕਰਫਿਊ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਉਸ ਨੇ ਆਪਣਾ ਪੋਰਟਲ ਲਾਂਚ ਕੀਤਾ, ਜਿੱਥੇ ਕਰੋਨਾ ਨਾਲ ਸਬੰਧਤ ਹਰ ਕਿਸਮ ਦੀ ਜਾਣਕਾਰੀ ਮੁਹੱਈਆ ਸੀ, ਜਿਸ ਸਦਕਾ ਉਸ ਨੂੰ ਪੰਜਾਬ ਸਰਕਾਰ ਵੱਲੋਂ ਵੀ ਪ੍ਰਸ਼ੰਸਾ ਸਰਟੀਫਿਕੇਟ ਦਿੱਤਾ ਗਿਆ ਸੀ।