ਮੀਂਹ ਤੇ ਝੱਖੜ ਕਾਰਨ ਪਾਰਾ ਡਿੱਗਿਆ : The Tribune India

ਮੀਂਹ ਤੇ ਝੱਖੜ ਕਾਰਨ ਪਾਰਾ ਡਿੱਗਿਆ

ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ; ਕਈ ਥਾਈਂ ਦਰੱਖਤ ਤੇ ਬਿਜਲੀ ਦੇ ਖੰਭੇ ਡਿੱਗੇ

ਮੀਂਹ ਤੇ ਝੱਖੜ ਕਾਰਨ ਪਾਰਾ ਡਿੱਗਿਆ

ਨੂਰਪੁਰ ਬੇਦੀ ਮੁੱਖ ਮਾਰਗ ਤੇ ਨਜ਼ਦੀਕੀ ਪਿੰਡ ਗੋਗੋਂ ਵਿੱਚ ਸਫੈਦਾ ਡਿੱਗਣ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ।

ਹਤਿੰਦਰ ਮਹਿਤਾ

ਜਲੰਧਰ, 25 ਮਈ

ਇਲਾਕੇ ਵਿਚ ਬੀਤੀ ਰਾਤ ਤੋਂ ਤੇਜ਼ ਝੱਖੜ ਅਤੇ ਮੀਂਹ ਪੈਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਅੱਜ ਤਾਪਮਾਨ ਦਾ ਪਾਰਾ ਵੀ ਕਾਫੀ ਹੇਠਾਂ ਆ ਗਿਆ। ਰਾਤ ਨੂੰ ਚੱਲੇ ਤੇਜ਼ ਝਖੜ ਕਾਰਨ ਦਰਖਤ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਜਾਣ ਕਾਰਨ ਬਿਜਲੀ ਦੀ ਸਪਲਾਈ ਵਿਚ ਵੀ ਵਿਘਨ ਪਿਆ ਪਰ ਮੌਸਮ ਠੀਕ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਕਾਰਨ ਧੂੜ ਮਿੱਟੀ ਬੈਠ ਗਈ ਤੇ ਵਾਤਾਵਰਣ ਸਾਫ਼ ਹੋ ਗਿਆ। ਲੋਹੀਆਂ ਅਤੇ ਕਾਲਾ ਸੰਘਿਆ ਇਲਾਕੇ ਵਿਚ ਖਰਬੂਜੇ ਅਤੇ ਤਰਬੂਜ਼ ਦੀ ਫਸਲ ਹੋਣ ਕਾਰਨ ਕਿਸਾਨ ਬਦਲ ਰਹੇ ਮੌਸਮ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਪਿੰਡ ਤਲਵਾੜਾ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਤੇਜ਼ ਹਵਾ ਚਲਣ ਕਾਰਨ ਉਸ ਦੇ ਖੇਤਾਂ ਵਿਚ ਲੱਗੇ ਦੋ ਦਰੱਖਤ ਡਿੱਗ ਗਏ ਜਿਸ ਕਾਰਨ ਉਸ ਦੀ ਮੱਕੀ ਦੀ ਫਸਲ ਨੂੰ ਨੁਕਸਾਨ ਹੋਇਆ ਹੈ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਬੀਤੀ ਰਾਤ ਅਤੇ ਦੁਪਹਿਰ ਵੇਲੇ ਆਈ ਤੇਜ਼ ਹਨੇਰੀ ਅਤੇ ਭਾਰੀ ਬਾਰਸ਼ ਨਾਲ ਜਨਜੀਵਨ ਪ੍ਰਭਾਵਿਤ। ਬੀਤੀ ਰਾਤ ਸਾਢੇ 9 ਵਜੇ ਤੋਂ 11 ਕੁ ਵਜੇ ਤੱਕ ਅਤੇ ਦੁਪਹਿਰ ਡੇਢ ਕੁ ਵਜੇ ਝੁੱਲੀ ਤੇਜ਼ ਹਨੇਰੀ ਅਤੇ ਭਾਰੀ ਬਾਰਿਸ਼ ਨੇ ਜਿੱਥੇ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ, ਉੱਥੇ ਕਿਸਾਨਾਂ ਦੇ ਖੇਤਾਂ ’ਚ ਖੜ੍ਹੇ ਪਾਪੂਲਰ ਦੇ ਦਰੱਖਤਾਂ ਅਤੇ ਸੜਕਾਂ ’ਤੇ ਹੋਰ ਦਰੱਖਤਾਂ ਨੂੰ ਜੜ੍ਹੋਂ ਉਖਾੜ ਕੇ ਰੱਖ ਦਿੱਤਾ। ਪਿਛਲੇ ਹਫਤੇ ਅੰਤਾਂ ਦੀ ਗਰਮੀ ਅਤੇ ਲੂ ਵਗਣ ਕਾਰਨ ਇਲਾਕੇ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਿਸ ਤੋਂ ਭਾਰੀ ਬਾਰਿਸ਼ ਨੇ ਕਾਫੀ ਰਾਹਤ ਦਿੱਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਡਿਗ ਗਿਆ। ਉਂਝ ਬਲਾਚੌਰ ਸਬ ਡਵੀਜ਼ਨ ਵਿੱਚ ਕਿਸਾਨਾਂ ਵੱਲੋਂ ਲਗਾਏ ਪਾਪੂਲਰ ਦੇ ਦਰੱਖਤਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ।

ਦਰੱਖਤ ਡਿੱਗਣ ਕਾਰਨ ਤਿੰਨ ਕਿਰਤੀ ਪਰਿਵਾਰਾਂ ਦੇ ਮਕਾਨ ਨੁਕਸਾਨੇ

ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਲੰਘੀ ਰਾਤ ਅਤੇ ਅੱਜ ਸਵੇਰ ਤੋਂ ਚੱਲੀ ਤੇਜ਼ ਮੀਂਹ ਹਨੇਰੀ ਨਾਲ ਜਿੱਥੇ ਬਹੁਤ ਥਾਈਂ ਬਿਜਲੀ ਦੇ ਖੰਭੇ ਡਿੱਗੇ ਤਾਰਾਂ ਟੁਟੀਆਂ ਦਰੱਖਤ ਮੁੱਢੋਂ ਹੀ ਪੁੱਟੇ ਗਏ ਅਤੇ ਕੁੱਝ ਫਸਲਾਂ ਦਾ ਨੁਕਸਾਨ ਵੀ ਹੋਇਆ ਉੱਥੇ ਹਨੇਰੀ ਨਾਲ ਇੱਥੋਂ ਨੂਰਪੁਰ ਬੇਦੀ ਮੁੱਖ ਮਾਰਗ ਦੇ ਨਜ਼ਦੀਕੀ ਪਿੰਡ ਗੋਗੋਂ ਵਿੱਚ ਵਸਦੇ ਘਰਾਂ ਤੇ ਸੜਕ ਕਿਨਾਰੇ ਖੜ੍ਹੇ ਇੱਕ ਭਾਰੇ ਸਫੈਦੇ ਦੇ ਡਿੱਗਣ ਕਾਰਨ ਤਿੰਨ ਕਿਰਤੀ ਪਰਿਵਾਰਾਂ ਦੇ ਮਕਾਨ ਨੁਕਸਾਨੇ ਗਏ ਜਿਨ੍ਹਾਂ ਚੋਂ ਇੱਕ ਮਕਾਨ ਦੀ ਤਾਂ ਛੱਤ ਹੀ ਪੂਰੀ ਤਰ੍ਹਾਂ ਡਿੱਗ ਗਈ। ਇਸ ਨਾਲ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਆਰਥਿਕ ਨੁਕਸਾਨ ਕਾਫੀ ਹੋ ਗਿਆ। ਇਸ ਮੌਕੇ ਜਸਵਿੰਦਰ ਕੌਰ, ਬਲਵੀਰ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਅਤੇ ਵਕੀਲ ਸਿੰਘ ਨੇ ਦੱਸਿਆ ਕਿ ਮੀਂਹ ਹਨੇਰੀ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ ਅਸੀਂ ਗਰੀਬ ਬੰਦੇ ਹਾਂ ਜੋ ਕਮਾਉਂਦੇ ਉਹੀ ਖਾਂਦੇ ਹਾਂ। ਸਾਡੇ ’ਚੋਂ ਕੋਈ ਵੀ ਮੁਲਾਜ਼ਮ ਨਹੀਂ ਹੈ ਤੇ ਹੁਣ ਸਿਰ ਤੋਂ ਛੱਤ ਵੀ ਉੱਡ ਗਈ ਹੈ ਪਰ ਬੱਚਿਆਂ ਦੀ ਜਾਨ ਬਚ ਗਈ। ਉਨ੍ਹਾਂ ਕਿਹਾ ਕਿ ਇੱਕ ਘਰ ਦਾ ਜ਼ਿਆਦਾ ਨੁਕਸਾਨ ਹੋ ਗਿਆ ਬਾਕੀਆਂ ਦੀਆਂ ਛੱਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਨ੍ਹਾਂ ਮਿਹਨਤੀ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਮਕਾਨਾਂ ਦੇ ਹੋਏ ਨੁਕਾਸਨ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਅੰਦਰ ਬੈਠਣ ਜੋਗੇ ਹੋਈਏ। ਪਰਿਵਾਰਾਂ ਨੇ ਮੰਗ ਕਰਦਿਆਂ ਕਿਹਾ ਕਿ ਮੁੱਖ ਮਾਰਗ ’ਤੇ ਲੱਗੇ ਉਨ੍ਹਾਂ ਦੇ ਘਰਾਂ ਦੁਆਲੇ ਬਹੁਤ ਭਾਰੇ ਹੋ ਚੁੱਕੇ ਸਰਕਾਰੀ ਸਫੈਦਿਆਂ ਦੇ ਦਰੱਖਤ ਪੁਟਾਏ ਜਾਣ ਤਾਂ ਜੋ ਭਵਿੱਖ ’ਚ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰੇ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਪਰਿਵਾਰ ਜ਼ਿਆਦਾਤਰ ਜਿੰਦੇ, ਕੁੰਜੀਆਂ ਕੈਂਚੀਆਂ ਵਗੈਰਾ ਲਾਉਣ ਦਾ ਕੰਮ ਕਰਕੇ ਪਰਿਵਾਰ ਪਾਲਦੇ ਹਨ । ਇਸ ਸਬੰਧੀ ਪ੍ਰੀਤਇੰਦਰ ਸਿੰਘ ਐਸਡੀਐਮ ਗੜ੍ਹਸ਼ੰਕਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਜ਼ਰੂਰੀ ਮੀਟਿੰਗ ’ਚ ਹਨ, ਬਾਅਦ ’ਚ ਗੱਲ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All