ਨਿੱਜੀ ਪੱਤਰ ਪ੍ਰੇਰਕ
ਜਲੰਧਰ, 25 ਨਵੰਬਰ
ਪੰਥਕ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਰਣਨੀਤੀ ਘੜਨ ਲਈ ਮੀਟਿੰਗ ਦੌਰਾਨ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕਥਿਤ ਨਿੱਜੀ ਮੁਫ਼ਾਦਾਂ ਲਈ ਵਰਤ ਕੇ ਇਸ ਦੇ ਇਤਿਹਾਸ ਨੂੰ ਦਾਗਦਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੀਟਿੰਗ ’ਚ ਬਾਬਾ ਸਰਬਜੋਤ ਸਿੰਘ ਬੇਦੀ, ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੂਰਾ, ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਮੀਡੀਆ ਇੰਚਾਰਜ ਗੁਰਚਰਨ ਸਿੰਘ ਚੰਨੀ ਆਦਿ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਣ ਵਾਲੇ ਆਗੂ ਸਿਰਫ ਸ਼੍ਰੋਮਣੀ ਕਮੇਟੀ ਨੂੰ ਹੀ ਸਮਰਪਿਤ ਹੋਣਗੇ ਅਤੇ ਉਹ ਕੋਈ ਸਿਆਸੀ ਚੋਣ ਵੀ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਸਿਆਸੀ ਦਖਲ ਨੇ ਹੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ, ਜਿਨ੍ਹਾਂ ਨੂੰ ਬਚਾਉਣ ਲਈ ਪੰਥ ਦਰਦੀਆਂ ਨੂੰ ਇੱਕ ਪਲੇਟਫਾਰਮ ’ਤੇ ਆਉਣ ਦੀ ਲੋੜ ਹੈ।