LPU Students Protest: ਯੂਨੀਵਰਸਿਟੀ ਵਿੱਚ ਹੰਗਾਮੇ ਤੋਂ ਬਾਅਦ ਵੱਡਾ ਫ਼ੈਸਲਾ; 10 ਦਿਨਾਂ ਲਈ ਕਲਾਸਾਂ ਅਤੇ ਮਿਡ-ਟਰਮ ਪ੍ਰੀਖਿਆਵਾਂ ਮੁਅੱਤਲ
ਵਿਦਿਆਰਥੀਆਂ ਨੂੰ ਘਰ ਜਾਣ ਦੀ ਸਲਾਹ
ਵਿਦਿਆਰਥੀਆਂ ਦੇ ਪ੍ਰਦਰਸ਼ਨ ਦਰਮਿਆਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਵੱਲੋਂ ਕੈਂਪਸ ਵਿੱਚ ਕਲਾਸਾਂ 10 ਦਿਨਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਪੁਲੀਸ/ਪ੍ਰਸ਼ਾਸਨ ਵਿਚਕਾਰ ਚੱਲ ਰਹੇ ਟਕਰਾਅ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਅੱਜ ਸ਼ਾਮ ਐੱਲ ਪੀ ਯੂ ਕੈਂਪਸ ਵਿੱਚ ਫਿਰ ਤੋਂ ਅੱਗਜ਼ਨੀ ਅਤੇ ਪੱਥਰਬਾਜ਼ੀ ਹੋਣ ਤੋਂ ਬਾਅਦ, ਯੂਨੀਵਰਸਿਟੀ ਪ੍ਰਸ਼ਾਸਨ ਨੇ ਐਤਵਾਰ ਦੇਰ ਰਾਤ ਵਿਦਿਆਰਥੀਆਂ ਨੂੰ ਇੱਕ ਸੰਦੇਸ਼ ਜਾਰੀ ਕੀਤਾ ਕਿ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ, ਕੈਂਪਸ ਵਿੱਚ 28 ਸਤੰਬਰ 2026 (ਸੋਮਵਾਰ) ਤੋਂ 10 ਦਿਨਾਂ ਦੇ ਸਮੇਂ ਲਈ ਨਿਯਮਤ ਕਲਾਸਾਂ ਮੁਅੱਤਲ ਰਹਿਣਗੀਆਂ।
ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਵਿੱਚ ਮਿਡ-ਟਰਮ ਪ੍ਰੀਖਿਆਵਾਂ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸੋਧੇ ਹੋਏ ਪ੍ਰੀਖਿਆ ਸ਼ਡਿਊਲ ਬਾਰੇ ਵਿਦਿਆਰਥੀਆਂ ਨੂੰ ਵੱਖਰੇ ਤੌਰ 'ਤੇ ਸੂਚਿਤ ਕੀਤਾ ਜਾਵੇਗਾ।
ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜੇਕਰ ਉਹ ਚਾਹੁਣ ਤਾਂ ਆਪਣੇ ਮਾਪਿਆਂ/ਸਰਪ੍ਰਸਤਾਂ ਦੀ ਸਲਾਹ ਨਾਲ ਇਨ੍ਹਾਂ 10 ਦਿਨਾਂ ਦੇ ਸਮੇਂ ਲਈ ਆਪਣੇ ਜੱਦੀ ਸ਼ਹਿਰਾਂ (ਘਰਾਂ) ਨੂੰ ਜਾ ਸਕਦੇ ਹਨ। ਜਦਕਿ ਪਿੱਛੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਹੋਸਟਲਾਂ/ਰਿਹਾਇਸ਼ੀ ਥਾਵਾਂ ਦੇ ਅੰਦਰ ਹੀ ਰਹਿਣ ਅਤੇ ਬੇਲੋੜੀ ਆਵਾਜਾਈ ਜਾਂ ਕਿਸੇ ਵੀ ਅਸ਼ਾਂਤੀ ਵਾਲੀ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਬਚਣ।
ਬਿਆਨ ਵਿੱਚ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ, ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰ ਸਾਰੀਆਂ ਤਾਜ਼ਾ ਜਾਣਕਾਰੀਆਂ (ਅਪਡੇਟਸ) ਲਈ ਜੁੜੇ ਰਹਿਣ ਦੀ ਅਪੀਲ ਵੀ ਕੀਤੀ ਗਈ।
ਉੱਥੇ ਹੀ ਕਥਿਤ ਹਿੰਸਕ ਪ੍ਰਦਰਸ਼ਨਾਂ ਦੌਰਾਨ ਹੋਸਟਲਾਂ ਵਿੱਚ ਰਹਿ ਰਹੇ ਘਬਰਾਏ ਹੋਏ ਵਿਦਿਆਰਥੀਆਂ ਨੇ ਵਾਪਸ ਜਾਣ ਲਈ ਆਪਣੇ ਬੈਗ ਪੈਕ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਕੈਂਪਸ ਵਿੱਚ ਜੀਐਚ3 (GH3) ਹੋਸਟਲ ਦੀ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦੋਸ਼ਾਂ ਦੇ ਮੱਦੇਨਜ਼ਰ ਐੱਲ ਪੀ ਯੂ ਕੈਂਪਸ ਵਿੱਚ ਲਗਾਤਾਰ ਹੋ ਰਹੇ ਵਿਦਿਆਰਥੀ ਪ੍ਰਦਰਸ਼ਨਾਂ ਤੋਂ ਬਾਅਦ, ਅੱਜ ਸ਼ਾਮ ਪੁਲੀਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਵੀ ਲਗਾ ਦਿੱਤੀ ਗਈ।
ਵਿਦਿਆਰਥੀਆਂ ਨੇ ਕਥਿਤ ਜਬਰ-ਜਨਾਹ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ 'ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਦੂਜੇ ਪਾਸੇ ਐੱਲ ਪੀ ਯੂ ਪ੍ਰਸ਼ਾਸਨ ਨੇ ਵਾਰ-ਵਾਰ ਕਥਿਤ ਜਬਰ-ਜਨਾਹ ਦੀ ਘਟਨਾ ਨੂੰ ਇੱਕ ਅਫਵਾਹ ਅਤੇ ਝੂਠ ਕਰਾਰ ਦਿੱਤਾ ਹੈ।

