LPU Protest: ਹਾਈਵੇਅ ਜਾਮ ਤੋਂ ਬਾਅਦ ਕੈਂਪਸ ’ਚ ਮਾਹੌਲ ਸ਼ਾਂਤ; 5 ਗ੍ਰਿਫ਼ਤਾਰ, ਵਾਕੀ-ਟਾਕੀ ਬਰਾਮਦ
LPU Protest: ਵਿਦਿਆਰਥੀਆਂ ਦੇ ਰੋਸ ਕਾਰਨ ਜਲੰਧਰ-ਫਗਵਾੜਾ ਹਾਈਵੇਅ ’ਤੇ ਘੰਟਿਆਂ ਬੱਧੀ ਲੱਗਾ ਰਿਹਾ ਜਾਮ
ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਬਲ ਤਾਇਨਾਤ ਕੀਤਾ ਗਿਆ। 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਕੋਲੋਂ ਇੱਕ ‘ਦਾਤਰ’ ਅਤੇ ਇੱਕ ਵਾਕੀ-ਟਾਕੀ ਸੈੱਟ ਬਰਾਮਦ ਹੋਇਆ ਹੈ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਉਧਰ, ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਸਥਿਤੀ ਸ਼ਾਂਤਮਈ ਬਣੀ ਹੋਈ ਹੈ। ਜਾਂਚ ਕਰ ਰਹੇ ਐੱਸ.ਪੀ. (ਜਾਂਚ) ਹਰਿੰਦਰ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਤੋਂ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕੀਤੇ ਜਾਣ ਕਾਰਨ ਵਿਦਿਆਰਥੀ ਬੀਤੀ ਰਾਤ ਤੋਂ ਹੀ ਕੈਂਪਸ ਤੋਂ ਬਾਹਰ ਜਾ ਰਹੇ ਹਨ।
ਐੱਸ.ਪੀ. ਗਿੱਲ ਨੇ ਕਿਹਾ ਕਿ ਇਸ ਸਮੇਂ ਕੈਂਪਸ ਵਿੱਚ ਕੋਈ ਪ੍ਰਦਰਸ਼ਨ ਜਾਂ ਹੋਰ ਅਜਿਹੀ ਘਟਨਾ ਨਹੀਂ ਹੋ ਰਹੀ। ਸੁਰੱਖਿਆ ਦੇ ਮੱਦੇਨਜ਼ਰ ਯੂਨੀਵਰਸਿਟੀ ਦੇ ਸਾਰੇ ਗੇਟਾਂ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਤਣਾਅ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਸਵੇਰੇ 9:45 ਵਜੇ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਨਗੇ।
ਪੰਜਾਬ ਪੁਲੀਸ ਵੱਲੋਂ ਜਾਰੀ ਮੀਡੀਆ ਇਨਵਾਈਟ ਅਨੁਸਾਰ ਡੀਜੀਪੀ ਵੱਲੋਂ ਪ੍ਰੈੱਸ ਬ੍ਰੀਫਿੰਗ ਦੌਰਾਨ LPU ਮਾਮਲੇ ਨਾਲ ਸਬੰਧਤ ਤਾਜ਼ਾ ਸਥਿਤੀ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਉਮੀਦ ਹੈ।

