ਪਾਲ ਸਿੰਘ ਨੌਲੀ
ਜਲੰਧਰ, 26 ਫਰਵਰੀ
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਤਿੰਨ ਦਿਨ ਚੱਲਣ ਵਾਲਾ ਪੁਸਤਕ ਮੇਲਾ ਤੇ ਸਮਾਜਿਕ ਸੰਮੇਲਨ ਅੱਜ ਸ਼ੁਰੂ ਹੋ ਗਿਆ। ਇਸ ਮੇਲੇ ਦਾ ਪ੍ਰਬੰਧ ਨਵਚੇਤਨਾ ਪਬਲੀਕੇਸ਼ਨ ਵੱਲੋਂ ਕੀਤਾ ਗਿਆ ਹੈ।
ਇਸ ਮੇਲੇ ਵਿੱਚ ਨੈਸ਼ਨਲ ਬੁੱਕ ਟਰੱਸਟ ਦਿੱਲੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਤੌਰ ’ਤੇ ਹਿੱਸਾ ਲੈ ਰਹੇ ਹਨ। ਇਸ ਦੇ ਨਾਲ ਹੀ ਚੱਲੇ ਸਮਾਜਿਕ ਸੰਮੇਲਨ ’ਚ ਪਹਿਲੇ ਸੈਸ਼ਨ ਦੌਰਾਨ ਕਵੀ ਦਰਬਾਰ ਹੋਇਆ ਅਤੇ ਦੁਪਹਿਰ ਦੇ ਸੈਸ਼ਨ ਵਿੱਚ ਸੁਪਰੀਮ ਕੋਰਟ ਦੇ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ, ਸੀਪੀਆਈ ਦੇ ਨੈਸ਼ਨਲ ਕੌਂਸਲ ਦੇ ਮੈਂਬਰ ਹਰਦੇਵ ਅਰਸ਼ੀ, ਸਿੱਖ ਚਿੰਤਕ ਬਲਵਿੰਦਰਪਾਲ ਸਿੰਘ, ਹਿਮਾਚਲ ਪ੍ਰਦੇਸ਼ ਤੋਂ ਬਾਮਸੇਫ ਕੋਆਰਡੀਨੇਟਰ ਸੁਭਾਸ਼ ਚੰਦਰ ਮੁਸਾਫਰ ਸ਼ਾਮਲ ਹੋਏ।
ਇਸ ਮੌਕੇ ਐਡਵੋਕੇਟ ਭਾਨੂੰ ਪ੍ਰਤਾਪ ਨੇ ਖੇਤੀ ਕਾਨੂੰਨਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਸਮਝ ਹੀ ਨਹੀਂ ਸਕੀ ਕਿ ਇਹ ਕਿੰਨਾ ਵੱਡਾ ਅੰਦੋਲਨ ਬਣ ਚੁੱਕਾ ਹੈ, ਜਿਸ ਨਾਲ ਦੇਸ਼ ਦੇ ਲੋਕ ਪੂਰੀ ਤਰ੍ਹਾਂ ਨਾਲ ਦਿਲੋਂ ਜੁੜ ਚੁੱਕੇ ਹਨ। ਉਨ੍ਹਾਂ ਇਸ ਅੰਦੋਲਨ ਦੇ ਪੈ ਰਹੇ ਦੇਸ਼ ਵਿਆਪੀ ਅਸਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਾਜਪਾ ਦੀ ਸੱਤਾ ਨੂੰ ਉਖਾੜ ਦੇਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨ ਹਰ ਹਾਲਤ ਵਿੱਚ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਹੀ ਪੈਣਗੇ। ਦੂਜੇ ਸੈਸ਼ਨ ਦੀ ਸ਼ੁਰੂਆਤ ਸੀਪੀਆਈ ਦੇ ਆਗੂ ਐਡਵੋਕੇਟ ਰਜਿੰਦਰ ਮੰਡ ਨੇ ਕੀਤੀ, ਜਦਕਿ ਇਸ ਸੈਸ਼ਨ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕੀਤੀ।
ਪਹਿਲੇ ਸੈਸ਼ਨ ’ਚ ਹੋਏ ਕਵੀ ਸੰਮੇਲਨ ਦੌਰਾਨ ਸੁਰਜੀਤ ਸਿੰਘ, ਪਰਮ ਦਾਸ ਹੀਰ, ਆਸ਼ੀ ਈਸਪੁਰੀ, ਉਰਮਲਜੀਤ ਸਿੰਘ, ਹਰਜਿੰਦਰ ਸਿੰਘ ਜਿੰਦੀ, ਰਜਿੰਦਰ ਥਾਪਰ, ਜਗਦੀਸ਼ ਰਾਣਾ, ਲਾਲੀ ਕਰਤਾਰਪੁਰੀ, ਹਰਭਜਨ ਸਿੰਘ ਨਾਹਲ ਤੇ ਬਲਵਿੰਦਰ ਸਿੰਘ ਦਿਲਦਾਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।