Kapurthala: ਪ੍ਰਵਾਸੀ ਮਹਿਲਾ ਅਤੇ ਤਿੰਨ ਬੱਚਿਆਂ ਨੇ ਜ਼ਹਿਰ ਖਾਧਾ; ਇੱਕ ਦੀ ਮੌਤ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੱਲੂ ਕਾਦਰਬਾਦ ਵਿੱਚ ਸੋਮਵਾਰ ਰਾਤ ਨੂੰ ਕਥਿਤ ਤੌਰ 'ਤੇ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਪਰਵਾਸੀ ਮਹਿਲਾ ਅਤੇ ਉਸ ਦੇ ਤਿੰਨ ਬੱਚਿਆਂ ਨੇ ਜ਼ਹਿਰੀਲਾ ਕੀਟਨਾਸ਼ਕ ਖਾ ਲਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਬੱਚੇ ਦੀ ਮੌਤ...
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੱਲੂ ਕਾਦਰਬਾਦ ਵਿੱਚ ਸੋਮਵਾਰ ਰਾਤ ਨੂੰ ਕਥਿਤ ਤੌਰ 'ਤੇ ਘਰੇਲੂ ਵਿਵਾਦ ਦੇ ਚੱਲਦਿਆਂ ਇੱਕ ਪਰਵਾਸੀ ਮਹਿਲਾ ਅਤੇ ਉਸ ਦੇ ਤਿੰਨ ਬੱਚਿਆਂ ਨੇ ਜ਼ਹਿਰੀਲਾ ਕੀਟਨਾਸ਼ਕ ਖਾ ਲਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਮਹਿਲਾ ਅਤੇ ਉਸ ਦੇ ਦੋ ਬੱਚਿਆਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲੂ ਕਾਦਰਬਾਦ ਦੇ ਰਹਿਣ ਵਾਲੇ ਲਵਕੁਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਰਾਤ ਦੇ ਸਮੇਂ ਖੇਤਾਂ ਵਿੱਚ ਕੰਮ ਕਰਕੇ ਘਰ ਪਰਤਿਆ ਤਾਂ ਉਸਨੇ ਦੇਖਿਆ ਕਿ ਉਸਦੀ ਪਤਨੀ ਸੰਤੋਸ਼ ਦੇਵੀ ਉਲਟੀਆਂ ਕਰ ਰਹੀ ਸੀ। ਨੇੜੇ ਹੀ ਕੀਟਨਾਸ਼ਕ ਦੀ ਇੱਕ ਬੋਤਲ ਪਈ ਸੀ, ਜਦਕਿ ਬੱਚੇ ਅੱਧ-ਬੇਹੋਸ਼ੀ ਦੀ ਹਾਲਤ ਵਿੱਚ ਸਨ। ਉਸਨੇ ਤੁਰੰਤ 108 ਐਂਬੂਲੈਂਸ ਸੇਵਾ ਰਾਹੀਂ ਮਦਦ ਮੰਗੀ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਸਿਵਲ ਹਸਪਤਾਲ, ਕਪੂਰਥਲਾ ਪਹੁੰਚਾਇਆ।
ਪੀੜਤਾਂ ਵਿੱਚ ਸੰਤੋਸ਼ ਦੇਵੀ, ਉਸ ਦੀ ਅੱਠ ਸਾਲਾ ਬੇਟੀ ਅੰਮ੍ਰਿਤਾ, ਛੇ ਸਾਲਾ ਬੇਟੀ ਖੁਸ਼ੀ ਅਤੇ ਉਸਦਾ ਦੋ ਸਾਲਾ ਬੇਟਾ ਸ਼ਾਮਲ ਸਨ। ਸਾਰਿਆਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾ. ਕਰਨਪ੍ਰੀਤ ਸਿੰਘ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਇਲਾਜ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ। ਬਾਕੀ ਤਿੰਨ ਮਰੀਜ਼ਾਂ-ਸੰਤੋਸ਼ ਦੇਵੀ ਅਤੇ ਉਸਦੇ ਦੋ ਬੱਚਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਉਨ੍ਹਾਂ ਨੂੰ ਉੱਨਤ ਡਾਕਟਰੀ ਦੇਖਭਾਲ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਰੈਫਰ ਕਰ ਦਿੱਤਾ।
ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਸਦਰ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਕਥਿਤ ਜ਼ਹਿਰ ਖਾਣ ਦੀ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੈਫਰ ਕੀਤੇ ਗਏ ਤਿੰਨੋਂ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

