ਕੋਵਿਡ ਟੈਸਟ ਲਈ ਵਾਧੂ ਵਸੂਲੇ 3.28 ਲੱਖ ਰੁਪਏ ਵਾਪਸ ਕਰੇਗਾ ਜਲੰਧਰ ਦਾ ਪਟੇਲ ਹਸਪਤਾਲ

ਕੋਵਿਡ ਟੈਸਟ ਲਈ ਵਾਧੂ ਵਸੂਲੇ 3.28 ਲੱਖ ਰੁਪਏ ਵਾਪਸ ਕਰੇਗਾ ਜਲੰਧਰ ਦਾ ਪਟੇਲ ਹਸਪਤਾਲ

ਪਾਲ ਸਿੰਘ ਨੌਲੀ
ਜਲੰਧਰ, 23 ਸਤੰਬਰ

ਕੋਵਿਡ-19 ਦੌਰਾਨ ਮਰੀਜ਼ਾਂ ਦੀ ਟੈਸਟਾਂ ਵਿੱਚ ਛਿੱਲ ਲਹਾਉਣ ਵਾਲੇ ਨਿੱਜੀ ਹਸਪਤਾਲ ਨੂੰ ਮਰੀਜ਼ਾਂ ਕੋਲੋਂ ਵਾਧੂ ਵਸੂਲੇ 3 ਲੱਖ 28 ਹਾਜ਼ਾਰ ਰੁਪਏ ਵਾਪਸ ਕਰਨ ਦੀਆਂ ਹਦਾਇਤਾਂ ਡਿਪਟੀ ਕਮਿਸ਼ਨਰ ਵੱਲੋਂ ਕੀਤੀਆਂ ਗਈਆ ਹਨ। ਪਟੇਲ ਹਸਪਤਾਲ ਵੱਲੋਂ ਆਰਟੀ-ਪੀਸੀਆਰ ਕੋਵਿਡ ਟੈਸਟ ਕਰਵਾਉਣ ਵਾਲੇ 106 ਓਪੀਡੀ ਮਰੀਜ਼ਾਂ ਕੋਲੋਂ 3.28 ਲੱਖ ਰੁਪਏ ਵੱਧ ਵਸੂਲ ਲਏ ਸਨ। ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਧੂ ਵਸੂਲ ਕੀਤੀ ਰਕਮ ਨੂੰ ਉਨ੍ਹਾਂ ਵੱਲੋਂ 106 ਓਪੀਡੀ ਮਰੀਜ਼ਾਂ ਨੂੰ ਵਾਪਸ ਕਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਇਕ ਨਾਗਰਿਕ ਵੱਲੋਂ ਕੀਤੀ ਸ਼ਿਕਾਇਤ ਕਿ ਪਟੇਲ ਹਸਪਤਾਲ ਵੱਲੋਂ ਉਸ ਕੋਲੋਂ 21 ਜੁਲਾਈ ਨੂੰ ਟੈਸਟ ਲਈ 5500 ਰੁਪਏ ਵਸੂਲ ਕੀਤੇ ਗਏ ਸਨ, ਜਦਕਿ ਸਰਕਾਰ ਵੱਲੋਂ ਟੈਸਟ ਲਈ ਟੈਕਸਾਂ ਸਮੇਤ ਵੱਧ ਤੋਂ ਵੱਧ 2400 ਰੁਪਏ ਦੀ ਰਕਮ ਤੈਅ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਡੀਸੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਹਾਇਕ ਕਮਿਸ਼ਨਰ ਰਨਦੀਪ ਗਿੱਲ ਵੱਲੋਂ ਇਸ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਗਈ, ਜਿਸ ਵਿੱਚ ਹਸਪਤਾਲ ਦੀ ਗਲਤੀ ਨਿਕਲੀ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟੇਲ ਹਸਪਤਾਲ ਦੇ ਪ੍ਰਬੰਧਕਾਂ ਨੇ ਓਪੀਡੀ ਦੇ 106 ਮਰੀਜ਼ਾਂ ਤੋਂ ਵੱਧ ਵਸੂਲ ਕੀਤੀ 3.28 ਲੱਖ ਰੁਪਏ ਦੀ ਰਕਮ ਵਾਪਸ ਕਰਨਾ ਸਵੀਕਾਰ ਕੀਤਾ ਹੈ ਅਤੇ ਇੰਨੀ ਹੀ ਰਾਸ਼ੀ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਰਾਹਤ ਦੇਣ ਲਈ ਹਸਪਤਾਲ ਵੱਲੋਂ ਵੱਖਰੇ ਖਾਤੇ ਵਿਚ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਨੇ ਮੰਨਿਆ ਕਿ ਉਹ ਆਰਟੀ-ਪੀਸੀਆਰ ਟੈਸਟ ਦੀ ਦਰ 2,400 ਰੁਪਏ ਤੈਅ ਕਰਨ ਸਬੰਧੀ ਸਰਕਾਰ ਦੇ ਨੋਟੀਫਿਕੇਸ਼ਨ ਬਾਰੇ ਜਾਣੂ ਨਹੀਂ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All