Jalandhar: ਦੇਵੀ ਤਲਾਬ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਜਲੰਧਰ ਦੇ ਪ੍ਰਸਿੱਧ ਸ਼ਕਤੀ ਪੀਠ ਦੇਵੀ ਤਲਾਬ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਮੰਦਰ ਦੇ ਪ੍ਰਬੰਧਕਾਂ ਵੱਲੋਂ ਸੂਚਿਤ ਕਰਨ ਉਪਰੰਤ ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਪਰ ਹਾਲੇ ਤੱਕ...
ਜਲੰਧਰ ਦੇ ਪ੍ਰਸਿੱਧ ਸ਼ਕਤੀ ਪੀਠ ਦੇਵੀ ਤਲਾਬ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਮੰਦਰ ਦੇ ਪ੍ਰਬੰਧਕਾਂ ਵੱਲੋਂ ਸੂਚਿਤ ਕਰਨ ਉਪਰੰਤ ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਪਰ ਹਾਲੇ ਤੱਕ ਪੁਲੀਸ ਨੂੰ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਮੰਦਰ ਵਿੱਚ 51ਵਾਂ ਧਾਰਮਿਕ ਸਮਾਗਮ ਹੋਣ ਕਾਰਨ ਸ਼ਰਧਾਲੂ ਪਹੁੰਚੇ ਹੋਏ ਸਨ।
ਧਮਕੀ ਭਰੀ ਈਮੇਲ ਭੇਜਣ ਵਾਲੇ ਨੇ ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਮ ’ਤੇ ਭੇਜੀ ਹੈ। ਇਸ ਧਮਕੀ ਭਰੇ ਈਮੇਲ ਵਿੱਚ ਸੂਬਾ ਸਰਕਾਰ ਦੇ ਦਫਤਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਈਮੇਲ ਰਾਹੀਂ 6 ਜੂਨ 1984 ਮੌਕੇ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਬਦਲਾ ਲੈਣ ਦੀ ਗੱਲ ਲਿਖਣ ਦੇ ਨਾਲ ਦੁਰਗਿਆਨਾ ਮੰਦਿਰ, ਮੁਕਤੇਸ਼ਵਰ ਮੰਦਰ ਪਠਾਣਕੋਟ, ਮਾਈਸਰ ਮੰਦਰ ਬਠਿੰਡਾ ਅਤੇ ਕਾਲੀ ਦੇਵੀ ਮੰਦਰ ਪਟਿਆਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ।
ਜਲੰਧਰ ਵਿੱਚ ਇੱਕ ਹਫਤੇ ਦੌਰਾਨ ਦੂਜੀ ਵਾਰ ਧਮਕੀ ਭਰੀ ਈਮੇਲ ਮਿਲੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਸਬੰਧੀ ਐਸਪੀ ਰਕੇਸ਼ ਸ਼ਰਮਾ ਨੇ ਕਿਹਾ ਕਿ ਪੁਲੀਸ ਚੈਕਿੰਗ ਕਰ ਰਹੀ ਹੈ।

