Jalandhar: ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਦੀ ਵਧਾਈ ਗਈ ਸੁਰੱਖਿਆ
ਮੁੱਖ ਮੰਤਰੀ ਭਗਵੰਤ ਮਾਨ ਦੀ 'ਸ਼ੁਕਰਾਨਾ ਯਾਤਰਾ' ਦੇ ਦੂਜੇ ਪੜਾਅ ਨੂੰ ਲੈ ਕੇ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਯਾਤਰਾ ਵੀਰਵਾਰ ਨੂੰ ਜਲੰਧਰ ਵਿੱਚ ਉਨ੍ਹਾਂ ਦੀ ਬਾਰਾਦਰੀ ਸਥਿਤ ਰਿਹਾਇਸ਼ ਤੋਂ ਸ਼ੁਰੂ ਹੋਵੇਗੀ। ਮੰਗਲਵਾਰ ਰਾਤ ਨੂੰ ਜਲੰਧਰ ਅਤੇ...
ਮੁੱਖ ਮੰਤਰੀ ਭਗਵੰਤ ਮਾਨ ਦੀ 'ਸ਼ੁਕਰਾਨਾ ਯਾਤਰਾ' ਦੇ ਦੂਜੇ ਪੜਾਅ ਨੂੰ ਲੈ ਕੇ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਯਾਤਰਾ ਵੀਰਵਾਰ ਨੂੰ ਜਲੰਧਰ ਵਿੱਚ ਉਨ੍ਹਾਂ ਦੀ ਬਾਰਾਦਰੀ ਸਥਿਤ ਰਿਹਾਇਸ਼ ਤੋਂ ਸ਼ੁਰੂ ਹੋਵੇਗੀ। ਮੰਗਲਵਾਰ ਰਾਤ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਮੁੱਖ ਮੰਤਰੀ ਵੀਰਵਾਰ ਨੂੰ ਜਲੰਧਰ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਇਹ ਸੰਬੋਧਨ ਸੂਬਾ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬੇਅਦਬੀ ਵਿਰੋਧੀ ਕਾਨੂੰਨ ਬਾਰੇ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਕਿਉਂਕਿ ਜ਼ਿਲ੍ਹਾ ਹਾਈ ਅਲਰਟ 'ਤੇ ਹੈ ਅਤੇ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਵੀ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ ਹੈ।
ਅੱਜ ਸਵੇਰ ਤੋਂ ਹੀ ਟ੍ਰੈਫਿਕ ਦੀ ਸਖ਼ਤ ਚੈਕਿੰਗ ਅਤੇ ਤਲਾਸ਼ੀ ਲਈ ਜਾ ਰਹੀ ਹੈ,ਖਾਸ ਕਰਕੇ ਜਲੰਧਰ ਵਿੱਚ ਬੀ ਐੱਸ ਐਫ ਹੈੱਡਕੁਆਰਟਰ ਦੇ ਬਾਹਰ ਮਿਲਣ ਵਾਲੀਆਂ ਚਾਰ ਸੜਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਧਮਾਕਾ ਹੋਇਆ ਸੀ। ਜਿੱਥੇ ਫਗਵਾੜਾ ਵਿੱਚ ਬੁੱਧਵਾਰ ਨੂੰ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਲਗਪਗ 200 ਤੋਂ 300 ਸੁਰੱਖਿਆ ਕਰਮਚਾਰੀ ਤਾਇਨਾਤ ਸਨ, ਉੱਥੇ ਹੀ ਵੀਰਵਾਰ ਨੂੰ ਜਲੰਧਰ ਵਿੱਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੇ ਜਾਣ ਦੀ ਉਮੀਦ ਹੈ।
ਅੱਜ ਸਵੇਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਨਾਲ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਜਾਣ ਤੋਂ ਤੁਰੰਤ ਬਾਅਦ, ਪੁਲੀਸ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ‘ਆਪ’ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਨਾਲ ਮਿਲ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਵਰਿੰਦਰ ਸਿੰਘ ਘੁੰਮਣ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ, ਕਿਉਂਕਿ ਮੁੱਖ ਮੰਤਰੀ ਭਲਕੇ ਇਸੇ ਪਾਰਕ ਤੋਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ।
ਪਾਰਕ ਵਿੱਚ ਪਾਰਟੀ ਵਰਕਰਾਂ ਲਈ ਇੱਕ ਸਟੇਜ ਤਿਆਰ ਕੀਤੀ ਗਈ ਹੈ, ਜਿਸ ਵਿੱਚ 1500 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿੱਥੇ ਉਹ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਇਕੱਠੇ ਹੋਣਗੇ।
‘ਆਪ’ ਦੇ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਜਲੰਧਰ ਦੇ ਪ੍ਰੋਗਰਾਮ ਲਈ ਪਾਰਟੀ ਦੀਆਂ ਯੋਜਨਾਵਾਂ ਦੀ ਵਾਰ-ਵਾਰ ਸਮੀਖਿਆ ਕੀਤੀ ਗਈ। ਪਾਰਟੀ ਵੱਲੋਂ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੂੰ ਜਲੰਧਰ ਕੇਂਦਰੀ ਵਿਖੇ ਸਾਰੇ ਪ੍ਰਬੰਧ ਕਰਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

