ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੇ ਮੁਖੀ, ਏ.ਐਸ.ਆਈ ਅਤੇ ਮਹਿਲਾ ਕਾਂਸਟੇਬਲ ਨੂੰ ਲਾਈਨ ਹਾਜ਼ਰ ਕੀਤਾ
ਵੀਡੀਓ ਵਾਇਰਲ ਹੋਣ ਉਪਰੰਤ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੇ ਪੁਲੀਸ ਮੁਲਾਜ਼ਮਾਂ ਦੀ ਸੱਚਾਈ ਆਈ ਸਾਹਮਣੇ
ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਵਿੱਚ ਪੁਲੀਸ ਨੇ ਆਬਕਾਰੀ ਐਕਟ ਤਹਿਤ ਦਰਜ ਕੀਤੇ ਦਰਜ ਕੀਤੇ ਮੁਕਦਮੇ ਤੇ ਸੱਚ ਨੂੰ ਬਿਆਨ ਕਰਦੀ ਵੀਡੀਓ ਵਾਇਰਲ ਹੋਣ ਉਪਰੰਤ ਥਾਣਾ ਸ਼ਾਹਕੋਟ ਦੇ ਮੁਖੀ ਸਮੇਤ ਸਹਾਇਕ ਸਬ ਇੰਸਪੈਕਟਰ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਪੁਲੀਸ ਲਾਈਨ ਭੇਜ ਦਿੱਤਾ ਹੈ। ਵਾਇਰਲ ਹੋਈ ਵੀਡੀਓ ਵਿੱਚ ਕਥਿਤ ਦੋਸ਼ੀ ਅਕਰਮ ਦੇ ਘਰ ਤੋਂ 35 ਲੀਟਰ ਲਾਹਣ ਬਰਾਮਦ ਕੀਤੀ ਗਈ ਸੀ। ਵਾਇਰਲ ਹੋਈ ਵੀਡੀਓ ਵਿੱਚ ਇੱਕ ਡਰੱਮ ਲਾਹਣ ਬਾਹਰੋਂ ਲਿਆ ਕੇ ਘਰ ਵਿੱਚ ਰੱਖ ਕੇ ਬਰਾਮਦਗੀ ਦਿਖਾਈ ਗਈ ਹੈ।
ਇਸ ਕਾਰਵਾਈ ਨੇ ਜਲੰਧਰ ਦਿਹਾਤੀ ਪੁਲੀਸ ਦੀ ਨਸ਼ਿਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਕਾਰਵਾਈ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ। ਵੀਡੀਓ ਵਾਇਰਲ ਹੋਣ ਉਪਰੰਤ ਜ਼ਿਲ੍ਹਾ ਪੁਲੀਸ ਮੁਖੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੱਸਿਆ ਕੀ ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਲਾਹਣ ਨਾਲ ਭਰਿਆ ਡਰੱਮ ਨੂੰ ਬਰਾਮਦਗੀ ਦਿਖਾਉਣ ਲਈ ਘਰ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਲਾਹਣ ਦੀ ਬਰਾਮਦਗੀ ਦਿਖਾਉਣ ਲਈ ਰੱਖੇ ਗਏ ਡਰਮ ਬਾਰੇ ਸੱਚਾਈ ਸਾਹਮਣੇ ਆਉਣ ’ਤੇ ਤੁਰੰਤ ਪ੍ਰਭਾਵ ਨਾਲ ਥਾਣਾ ਸ਼ਾਹਕੋਟ ਦੇ ਮੁਖੀ ਬਲਵਿੰਦਰ ਸਿੰਘ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਇੱਕ ਮਹਿਲਾ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਪੁਲੀਸ ਕਰਮਚਾਰੀ ਦੀ ਸ਼ਮੂਲੀਅਤ ਬਾਰੇ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

