ਪਾਲ ਸਿੰਘ ਨੌਲੀ
ਜਲੰਧਰ, 17 ਸਤੰਬਰ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਹੋਏ 63 ਕਰੋੜ ਦੇ ਘਪਲੇ ਖ਼ਿਲਾਫ਼ ਲੋਕ ਇਨਸਾਨ ਪਾਰਟੀ ਨੇ ਜਲੰਧਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਪ੍ਰਦਰਸ਼ਨ ਕੀਤਾ। ਆਟੋ ਰਿਕਾਸ਼ਿਆਂ ਵਿੱਚ ਆਏ ਬੈਂਸ ਭਾਰਵਾਂ ਦੇ ਨਾਲ ਪਾਰਟੀ ਵਰਕਰਾਂ ਨੇ ਸਾਧੂ ਨਹੀਂ ਇਹ ਚੋਰ ਹੈ ਦੇ ਨਾਅਰਿਆਂ ਨਾਲ ਜਲੰਧਰ ਗੂੰਜਣ ਲਾ ਦਿੱਤਾ। ਕਾਂਗਰਸੀ ਆਗੂ ਧਰਮਸੋਤ ਵਿਰੁੱਧ ਰੈਲੀ ਕੱਢਣ ਤੋਂ ਪਹਿਲਾਂ ਹੀ ਪੁਲੀਸ ਨੇ ਬੈਂਸ ਭਾਰਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬੈਂਸ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੱਸਾਂ ਵਿਚ ਬਿਠਾ ਕੇ ਪੁਲੀਸ ਲੈ ਗਈ। ਹਰਸਿਮਰਤ ਸਿੰਘ ਬੈਂਸ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ, ਜਦੋਂ ਤੱਕ ਸਾਧੂ ਸਿੰਘ ਧਰਮਸੋਤ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਨਸਾਨ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੰਮਾ ਪਿੰਡ ਚੌਕ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ 63 ਕਰੋੜ ਰੁਪਏ ਦੇ ਦੋਸ਼ਾਂ ਵਿਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਮਾਮਲਾ ਦਰਜ ਕਰਨ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਦਲਿਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਥ੍ਰੀਵ੍ਹੀਲਰਾਂ `ਚ ਰੋਸ ਰੈਲੀ ਕੱਢਣ ਦਾ ਪ੍ਰੋਗਰਾਮ ਉਲੀਕਿਆ ਸੀ। ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਤੇ ਸਾਥ ਲੰਮਾ ਪਿੰਡ ਚੌਕ `ਚ ਇਕੱਠੇ ਹੋਏ ਤਾਂ ਥਾਣਾ ਸੂਰਿਆ ਇਨਕਲੇਵ ਦੀ ਪੁਲਿਸ ਨੇ ਏਸੀਪੀ ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ ਤੇ ਐੱਸਐੱਚਓ ਸੁਲੱਖਣ ਸਿੰਘ ਦੀ ਅਗਵਾਈ `ਚ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਿਨਾਂ ਆਗਿਆ ਇਕੱਤਰਤਾ ਕਰਨ ਦੇ ਦੋਸ਼ `ਚ ਗ੍ਰਿਫ਼ਤਾਰ ਕਰ ਲਿਆ।