Jalandhar: ਬੇਕਾਬੂ ਕਾਰ ਡਿਵਾਈਡਰ ਟੱਪ ਕੇ ਦੂਜੀ ਕਾਰ ਨਾਲ ਟਕਰਾਈ; ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਜਲੰਧਰ-ਪਠਾਨਕੋਟ ਟਰੱਸਟ ਦੇ ਰਾਜਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਨੇੜੇ ਤੜਕਸਾਰ ਪੰਜ ਵਜੇ ਦੋ ਕਾਰਾਂ ਦੀ ਟੱਕਰ 'ਚ ਚਾਰ ਦੀ ਮੌਤ ਤੇ ਪੰਜ ਲੋਕ ਜ਼ਖ਼ਮੀ ਹੋ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ...
ਜਲੰਧਰ-ਪਠਾਨਕੋਟ ਟਰੱਸਟ ਦੇ ਰਾਜਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਨੇੜੇ ਤੜਕਸਾਰ ਪੰਜ ਵਜੇ ਦੋ ਕਾਰਾਂ ਦੀ ਟੱਕਰ 'ਚ ਚਾਰ ਦੀ ਮੌਤ ਤੇ ਪੰਜ ਲੋਕ ਜ਼ਖ਼ਮੀ ਹੋ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਤੜਕੇ ਸਾਢੇ ਪੰਜ ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ ਕਿ ਕ੍ਰਿਸ਼ਨਗੜ੍ਹ ਅੱਡਾ ਤੋਂ ਅੱਗੇ ਇਕ ਢਾਬੇ ਦੇ ਸਾਹਮਣੇ ਦੋ ਕਾਰਾਂ ਦੀ ਟੱਕਰ 'ਚ ਚਾਰ ਵਿਅਕਤੀਆਂ ਦੀ ਮੌਤ ਤੇ ਪੰਜ ਜ਼ਖਮੀ ਹੋ ਗਏ ਹਨ।
ਐੱਸਐੱਸਐੱਫ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਕ ਬਲੈਨੋ ਕਾਰ ਜੋ ਕਿ ਭਲੋ ਕਰੋ ਵਾਲੀ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ, ਜਦੋਂ ਉਸ ਨੇ ਕਿਸ਼ਨਗੜ੍ਹ ਅੱਡਾ ਪਾਰ ਕੀਤਾ ਤਾਂ ਬਲੈਨੋ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਕੇ ਦੂਜੀ ਸਾਈਡ ਤੋਂ ਆ ਰਹੀ ਕਰੇਟਾ ਕਾਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਬਲੈਨੋ ਕਾਰ 'ਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਨ੍ਹਾਂ ਵਿੱਚ ਰੁਪਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹੁਸ਼ਿਆਰਪੁਰ, ਹਰਪ੍ਰੀਤ ਕੌਰ ਪਤਨੀ ਰੁਪਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਰੁਪਿੰਦਰ ਸਿੰਘ, ਅਤੇ ਸੰਤੋਸ਼ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਰੇਟਾ 'ਚ ਸਵਾਰ ਪੰਜ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਹਾਲਤ 'ਚ ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਐੱਸਐੱਸਐੱਫ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਜ਼ਖ਼ਮੀਆਂ 'ਚ ਅਲੀਨਾ ਖਾਨ ਪੁੱਤਰੀ ਅਬਦੁਲ ਸਈਦ ਖਾਨ ਬਰੇਲੀ ਉੱਤਰ ਪ੍ਰਦੇਸ਼, ਅਬਦੁਲ ਸਈਦ ਖਾਨ, ਪਰਵੀਨ ਖਾਨ ਪੁੱਤਰ ਅਬਦੁਲ ਸਈਦ ਖਾਨ, ਅਬਦੁਲ ਫੈਸਲ ਖਾਨ ਪੁੱਤਰੀ ਅਬਦੁਲ ਸਈਦ ਖਾਨ, ਮੈਂਨਾਲ ਖਾਨ ਪੁੱਤਰੀ ਅਬਦੁਲ ਸਹੀਦ ਖਾਨ ਸਾਰੇ ਬਰੇਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਐੱਸਐੱਸਐੱਫ ਟੀਮ ਵੱਲੋਂ ਇਸ ਹਾਦਸੇ ਦੀ ਜਾਣਕਾਰੀ ਸਬੰਧਿਤ ਪੁਲੀਸ ਚੌਕੀ ਅਲਾਵਲਪੁਰ ਦੇ ਇੰਚਾਰਜ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਦਿੱਤੀ ਗਈ। ਘਟਨਾ ਸਥਾਨ 'ਤੇ ਡੀਐਸਪੀ ਆਦਮਪੁਰ ਰਾਜੀਵ ਕੁਮਾਰ ਵੀ ਮੌਕੇ 'ਤੇ ਪਹੁੰਚੇ। ਪੁਲੀਸ ਵੱਲੋਂ ਹਾਦਸੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਗਈ ਹੈ।
