ਜੂਸ ਦੀ ਦੁਕਾਨ 'ਤੇ ਵੇਚਦਾ ਸੀ ਸ਼ਰਾਬ, ਖ਼ੁਫ਼ੀਆ ਬੰਕਰ ਨੇ ਖੋਲ੍ਹ ਦਿੱਤੀ ਪੋਲ
ਪੁਲੀਸ ਦੇ ਛਾਪੇ ਤੋਂ ਬਚਣ ਲਈ ਲਵਾਏ ਸਨ CCTV ਕੈਮਰੇ
ਜਲੰਧਰ ਦੇ ਬਸਤੀ ਬਾਵਾ ਖੇਲ ਖੇਤਰ ਵਿੱਚ ਪੁਲੀਸ ਅਤੇ ਆਬਕਾਰੀ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਇੱਕ ਅਜਿਹੇ ਸ਼ਾਤਰ ਵਿਅਕਤੀ ਨੂੰ ਕਾਬੂ ਕੀਤਾ ਹੈ , ਜੋ ਜੂਸ ਦੀ ਦੁਕਾਨ ਦੀ ਆੜ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਸੀ। ਬੁੱਧਵਾਰ ਨੂੰ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਮੁਲਜ਼ਮ ਦੇ ਘਰੋਂ ਇੱਕ ਗੁਪਤ ਬੰਕਰ ਮਿਲਿਆ ਹੈ, ਜੋ ਕੰਧ ਉੱਤੇ ਲੱਗੇ ਇੱਕ ਵੱਡੇ ਸ਼ੀਸ਼ੇ ਦੇ ਪਿੱਛੇ ਬੜੀ ਚਲਾਕੀ ਨਾਲ ਬਣਾਇਆ ਗਿਆ ਸੀ।
ਜਾਣਕਾਰੀ ਅਨੁਸਾਰ, ਜਲੰਧਰ ਪੁਲੀਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ (ਆਬਕਾਰੀ) ਦੀ ਅਗਵਾਈ ਹੇਠ ਆਬਕਾਰੀ ਇੰਸਪੈਕਟਰ ਮਨਜੀਤ ਸਿੰਘ ਅਤੇ ਡੀ.ਐੱਸ.ਪੀ. ਅਤੀਸ਼ ਭਾਟੀਆ ਦੀਆਂ ਟੀਮਾਂ ਨੇ ਰਾਜ ਨਗਰ ਸਥਿਤ 'ਰਾਜੂ ਜੂਸ ਕਾਰਨਰ' ਅਤੇ ਮੁਲਜ਼ਮ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਮੁਲਜ਼ਮ ਦੀ ਪਛਾਣ ਰਾਜਿੰਦਰ ਕੁਮਾਰ ਭਾਟੀਆ ਉਰਫ਼ ਰਾਜੂ ਚੌਹਾਨ ਵਜੋਂ ਹੋਈ ਹੈ।
ਸ਼ੀਸ਼ੇ ਪਿੱਛੇ ਲੁਕਿਆ ਸੀ ਗੁਪਤ ਬੰਕਰ
ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਰਾਜੂ ਚੌਹਾਨ ਨੇ ਜੂਸ ਦੀ ਦੁਕਾਨ ਦੇ ਨਾਲ ਲੱਗਦੇ ਹਿੱਸੇ ਵਿੱਚ ਇੱਕ ਬੇਸਮੈਂਟ ਬਣਾਈ ਹੋਈ ਸੀ। ਇਸ ਤੋਂ ਇਲਾਵਾ, ਉਸ ਦੇ ਘਰ ਦੀ ਤਲਾਸ਼ੀ ਲੈਣ ’ਤੇ ਪੁਲੀਸ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਇੱਕ ਕੰਧ ’ਤੇ ਲੱਗੇ ਵੱਡੇ ਸ਼ੀਸ਼ੇ ਦੇ ਪਿੱਛੇ ਲੁਕਿਆ ਇੱਕ ਖ਼ੁਫ਼ੀਆ ਬੰਕਰ ਮਿਲਿਆ। ਇਸ ਬੰਕਰ ਦੀ ਵਰਤੋਂ ਨਾਜਾਇਜ਼ ਸ਼ਰਾਬ ਨੂੰ ਛੁਪਾਉਣ ਲਈ ਕੀਤੀ ਜਾਂਦੀ ਸੀ। ਦੋਵਾਂ ਥਾਵਾਂ ਤੋਂ ਵੱਖ-ਵੱਖ ਬਰਾਂਡਾਂ ਦੀ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਲਗਪਗ 60 ਪੇਟੀਆਂ ਬਰਾਮਦ ਹੋਈਆਂ ਹਨ।
ਸੀਸੀਟੀਵੀ ਕੈਮਰਿਆਂ ਨਾਲ ਰੱਖਦਾ ਸੀ ਪੁਲੀਸ ’ਤੇ ਨਜ਼ਰ
ਪੁਲੀਸ ਅਨੁਸਾਰ ਮੁਲਜ਼ਮ ਬੇਹੱਦ ਸ਼ਾਤਰ ਤਰੀਕੇ ਨਾਲ ਇਹ ਧੰਦਾ ਚਲਾ ਰਿਹਾ ਸੀ। ਉਸ ਨੇ ਪੁਲੀਸ ਅਤੇ ਆਬਕਾਰੀ ਟੀਮਾਂ ਦੀ ਹਰ ਹਰਕਤ ’ਤੇ ਨਜ਼ਰ ਰੱਖਣ ਲਈ ਆਪਣੇ ਘਰ ਦੇ ਬਾਹਰ ਅਤੇ ਬਿਜਲੀ ਦੇ ਖੰਭਿਆਂ ’ਤੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ ਤਾਂ ਜੋ ਛਾਪੇਮਾਰੀ ਦੀ ਸੂਰਤ ਵਿੱਚ ਉਹ ਪਹਿਲਾਂ ਹੀ ਸੁਚੇਤ ਹੋ ਸਕੇ।
ਪੁਲੀਸ ਨੇ ਰਾਜੂ ਚੌਹਾਨ ਅਤੇ ਉਸ ਦੇ ਸਾਥੀ ਦੀਪਕ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਬਸਤੀ ਬਾਵਾ ਖੇਲ ਥਾਣੇ ਵਿੱਚ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਆਬਕਾਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਨਾਜਾਇਜ਼ ਸ਼ਰਾਬ ਦੇ ਤਸਕਰਾਂ ਖ਼ਿਲਾਫ਼ ਅਜਿਹੀ ਸਖ਼ਤ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।

