Jalandhar: ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼; 34.5 ਕਿਲੋ ਚਰਸ ਬਰਾਮਦ
ਤਿੰਨ ਮੁਲਜ਼ਮ ਗ੍ਰਿਫ਼ਤਾਰ; ਐੱਨ ਡੀ ਪੀ ਐੱਸ ਐੈਕਟ ਤਹਿਤ ਮਾਮਲਾ ਦਰਜ
ਕਮਿਸ਼ਨਰੇਟ ਪੁਲੀਸ ਦੇ ਸੀ ਆਈ ਏ ਸਟਾਫ਼ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਮੁਲਜ਼ਮਾਂ ਕੋਲੋਂ 34.5 ਕਿਲੋ ਚਰਸ ਬਰਾਮਦ ਕੀਤੀ ਹੈ।
ਸੀ ਆਈ ਏ ਸਟਾਫ਼ ਦੀ ਪੁਲੀਸ ਟੀਮ ਨੇ ਪਹਿਲਾਂ ਡਕੋਹਾ ਨਿਵਾਸੀ ਦੇਵਾਨੰਦ ਉਰਫ਼ ਨੰਦਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਾਲੇ ਰੰਗ ਦਾ ਲਿਫ਼ਾਫ਼ਾ ਬਰਾਮਦ ਕੀਤਾ। ਮੌਕੇ ’ਤੇ, ਨਾਲ ਮੌਜੂਦ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 1.5 ਕਿਲੋ ਚਰਸ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਰਾਮਾਮੰਡੀ ਵਿਖੇ ਐੱਨ ਡੀ ਪੀ ਐੱਸ ਐੈਕਟ ਦੀ ਧਾਰਾ 20-61-85 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਦੇਵਾਨੰਦ ਨੇ ਖੁਲਾਸਾ ਕੀਤਾ ਕਿ ਹੁਸ਼ਿਆਰਪੁਰ ਨਿਵਾਸੀ ਬੁੱਧ ਬਹਾਦਰ ਅਤੇ ਨੇਪਾਲ ਦੀ ਸੂਰਿਆਰਤੀ, ਜੋ ਇਸ ਸਮੇਂ ਹੁਸ਼ਿਆਰਪੁਰ ਵਿੱਚ ਰਹਿ ਰਹੀ ਹੈ, ਵੀ ਗ਼ੈਰ-ਕਾਨੂੰਨੀ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਇਸ ਦੇ ਅਧਾਰ ’ਤੇ, ਬੁੱਧ ਬਹਾਦਰ ਅਤੇ ਸੂਰਯਾਰਤੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਅਤੇ ਕੇਸ ਵਿੱਚ ਐੱਨ ਡੀ ਪੀ ਐੱਸ ਐੈਕਟ ਦੀ ਧਾਰਾ 29 ਜੋੜ ਦਿੱਤੀ ਗਈ।
ਪੁਲੀਸ ਨੇ ਤੁਰੰਤ ਟੀਮਾਂ ਦਾ ਗਠਨ ਕੀਤਾ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 33 ਕਿਲੋ ਚਰਸ ਬਰਾਮਦ ਕੀਤੀ ਗਈ। ਇਸ ਤਰ੍ਹਾਂ, ਇਸ ਕਾਰਵਾਈ ਵਿੱਚ ਤਿੰਨਾਂ ਮੁਲਜ਼ਮਾਂ ਕੋਲੋਂ ਕੁੱਲ 34.5 ਕਿਲੋ ਚਰਸ ਬਰਾਮਦ ਕੀਤੀ ਜਾ ਚੁੱਕੀ ਹੈ। ਮੁੱਖ ਕਾਰਵਾਈ ਸੀ ਆਈ ਏ ਸਟਾਫ਼ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਵੱਲੋਂ ਕੀਤੀ ਗਈ।

