ਪਾਲ ਸਿੰਘ ਨੌਲੀ
ਜਲੰਧਰ, 2 ਅਗਸਤ
ਭਾਰਤੀ ਹਾਕੀ ਟੀਮ ਨੇ 49 ਸਾਲਾਂ ਬਾਅਦ ਸੈਮੀ-ਫਾਈਨਲ ਵਿੱਚ ਪ੍ਰਵੇਸ਼ ਕਰ ਕੇ ਜਿੱਥੇ ਸਾਰੇ ਦੇਸ਼ ਵਾਸੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ, ਉੱਥੇ ਭਲਕੇ 3 ਅਗਸਤ ਨੂੰ ਹੋਣ ਵਾਲੇ ਸੈਮੀ-ਫਾਈਨਲ ਮੈਚ ’ਤੇ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਗੱਡੀਆਂ ਰਹਿਣਗੀਆਂ। ਭਾਰਤੀ ਹਾਕੀ ਟੀਮ ਵਿੱਚ 10 ਖਿਡਾਰੀ ਪੰਜਾਬ ਦੇ ਹਨ ਤੇ ਇਨ੍ਹਾਂ ਵਿੱਚੋਂ ਚਾਰ ਜਲੰਧਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚ ਤਿੰਨ ਖਿਡਾਰੀ ਮਿੱਠਾਪੁਰ ਦੇ ਹਨ, ਜਿਨ੍ਹਾਂ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਸ਼ਾਮਲ ਹਨ ਜਦਕਿ ਹਾਰਦਿਕ ਸਿੰਘ ਖੁਸਰੋਪੁਰ ਦਾ ਰਹਿਣ ਵਾਲਾ ਹੈ, ਜੋ ਪਿੰਡ ਸੰਸਾਰਪੁਰ ਦੇ ਬਿਲਕੁਲ ਨਾਲ ਲੱਗਦਾ ਹੈ। ਭਾਰਤੀ ਹਾਕੀ ਟੀਮ ਨੂੰ ਚੋਟੀ ਦੇ ਖਿਡਾਰੀ ਦੇਣ ਵਿੱਚ ਸੁਰਜੀਤ ਹਾਕੀ ਅਕੈਡਮੀ ਦਾ ਅਹਿਮ ਯੋਗਦਾਨ ਰਿਹਾ ਹੈ।
ਓਲੰਪਿਕ ਵਿੱਚ ਲਗਾਤਾਰ ਦੋ ਵਾਰ ਕਪਤਾਨੀ ਕਰਨ ਦਾ ਮਾਣ ਵੀ ਮਿੱਠਾਪੁਰ ਦੇ ਪਰਗਟ ਸਿੰਘ ਨੂੰ ਮਿਲਿਆ ਸੀ। ਉਨ੍ਹਾਂ ਵੀ 3 ਅਗਸਤ ਨੂੰ ਹੋਣ ਵਾਲੇ ਮੈਚ ਲਈ ਹਾਕੀ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਟੀਮ ਸੋਨੇ ਦਾ ਮੈਡਲ ਜਿੱਤ ਕੇ ਪਰਤੇਗੀ। ਜਿਸ ਤਰ੍ਹਾਂ ਦੀ ਖੇਡ ਦਾ ਪ੍ਰਦਰਸ਼ਨ ਹਾਕੀ ਖਿਡਾਰੀ ਕਰ ਰਹੇ ਹਨ, ਉਸ ਤੋਂ ਸਾਫ਼ ਲੱਗਦਾ ਹੈ ਕਿ ਉਹ ਖਾਲੀ ਹੱਥ ਨਹੀਂ ਪਰਤਣਗੇ।
ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਤੀਜੀ ਵਾਰ ਓਲੰਪਿਕ ’ਚ ਭਾਗ ਲੈ ਰਿਹਾ ਹੈ। ਹਾਰਦਿਕ ਸਿੰਘ ਹਾਕੀ ਪਰਿਵਾਰ ਵਿੱਚੋਂ ਆਉਂਦਾ ਹੈ ਜਿਸ ਦੇ ਦਾਦਾ ਪ੍ਰੀਤਮ ਸਿੰਘ ਦੇ ਛੋਟੇ ਭਰਾ ਗੁਰਮੇਲ ਸਿੰਘ ਨੇ 1980 ਵਿੱਚ ਮਾਸਕੋ ਵਿੱਚ ਓਲੰਪਿਕ ਗੋਲਡ ਮੈਡਲ ਜਿੱਤਿਆ ਸੀ। ਇਸੇ ਤਰ੍ਹਾਂ ਖੁਸਰੋਪੁਰ ਦੇ ਰਾਏ ਪਰਿਵਾਰ ਦੇ ਦੂਜੇ ਮੈਂਬਰ ਨੂੰ ਓਲੰਪਿਕ ਮੈਡਲ ਜਿੱਤਣ ਦਾ ਸੁਨਹਿਰੀ ਮੌਕਾ ਹੈ। ਹਾਰਦਿਕ ਨੇ ਕੁਆਰਟਰ ਫਾਈਨਲ ਵਿੱਚ ਬਰਤਾਨੀਆ ਖਿਲਾਫ਼ ਤੀਜਾ ਗੋਲ ਕਰ ਕੇ ਭਾਰਤ ਦੀ ਜਿੱਤ ਪੱਕੀ ਕੀਤੀ ਸੀ। ਗੁਰਮੇਲ ਸਿੰਘ ਦੀ ਪਤਨੀ ਅਰਜੁਨ ਐਵਾਰਡੀ ਤੇ ‘ਗੋਲਡਨ ਗਰਲ’ ਵਜੋਂ ਜਾਣੀ ਜਾਂਦੀ ਰਾਜਬੀਰ ਕੌਰ ਵੀ ਏਸ਼ਿਆਈ ਖੇਡਾਂ ਦੀ ਗੋਲਡ ਮੈਡਲ ਜੇਤੂ ਖਿਡਾਰਨ ਹੈ।
ਮਾਸਕੋ ਵਿੱਚ ਸੰਨ 1980 ਵਿੱਚ ਜਦੋਂ ਗੋਲਡ ਮੈਡਲ ਜਿੱਤਿਆ ਗਿਆ ਸੀ ਤਾਂ ਗੁਰਮੇਲ ਸਿੰਘ ਤੋਂ ਇਲਾਵਾ ਇੱਕ ਖਿਡਾਰੀ ਹੋਰ ਜਲੰਧਰ ਦਾ ਸੁਰਿੰਦਰ ਸਿੰਘ ਸੋਢੀ ਸੀ। ਸੁਰਿੰਦਰ ਸਿੰਘ ਸੋਢੀ ਨੇ ਮਾਸਕੋ ਵਿੱਚ 15 ਗੋਲ ਕੀਤੇ ਸਨ। ਏਨੇ ਜ਼ਿਆਦਾ ਗੋਲ ਕਰਨ ਦਾ ਇਤਿਹਾਸ ਵੀ ਜਲੰਧਰ ਦੇ ਨਾਂ ਹੈ। ਭਾਰਤੀ ਹਾਕੀ ਦੀ ਕਮਾਂਡ ਇੱਕ ਵਾਰ ਫਿਰ ਜਲੰਧਰ ਦੇ ਖਿਡਾਰੀਆਂ ਦੇ ਹੱਥਾਂ ਵਿੱਚ ਹੈ। ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਟੋਕੀਓ ਵਿੱਚ ਪੂਰੇ ਜੋਸ਼ ਨਾਲ ਖੇਡ ਰਹੀ ਟੀਮ ਨਵਾਂ ਇਤਿਹਾਸ ਰਚੇਗੀ।
ਸੁਰਜੀਤ ਹਾਕੀ ਸੁਸਾਇਟੀ ਵੱਲੋਂ ਭਾਰਤੀ ਮਹਿਲਾ ਟੀਮ ਨੂੰ ਵਧਾਈ
ਜਲੰਧਰ: ਸੁਰਜੀਤ ਹਾਕੀ ਸੁਸਾਇਟੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਦੇ ਸੈਮੀ-ਫਾਈਨਲ ਵਿੱਚ ਪਹੁੰਚਣ ’ਤੇ ਮੁਬਾਰਕਾਂ ਦਿੱਤੀਆਂ ਹਨ। ਅੱਜ ਡਿਪਟੀ ਕਮਿਸ਼ਨਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਘਨਸ਼ਿਆਮ ਥੋਰੀ, ਵਰਕਿੰਗ ਪ੍ਰਧਾਨ ਪਰਗਟ ਸਿੰਘ, ਸਕੱਤਰ ਇਕਬਾਲ ਸਿੰਘ ਸੰਧੂ ਅਤੇ ਚੀਫ਼ ਪੀਆਰਓ ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਟੋਕੀਓ ਓਲੰਪਿਕ ਵਿੱਚ ਭਾਰਤੀ ਟੀਮ ਨੇ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 1-0 ਨਾਲ ਹਰਾਉਣ ਮਗਰੋਂ ਪਹਿਲੀ ਵਾਰ ਓਲੰਪਿਕ ਸੈਮੀ-ਫਾਈਨਲ ’ਚ ਪਹੁੰਚ ਕੇ ਇਤਿਹਾਸ ਰਚਿਆ ਹੈ। ਮੁਕਾਬਲੇ ਦਾ ਇੱਕੋ-ਇੱਕ ਗੋਲ ਪੰਜਾਬ ਦੀ ਖਿਡਾਰਨ ਗੁਰਜੀਤ ਕੌਰ ਨੇ ਦਾਗਿਆ। ਉਨ੍ਹਾਂ ਟੀਮ ਨੂੰ ਅਗਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇਸੇ ਹੀ ਹੌਸਲੇ ਤੇ ਯੋਜਨਾਬੱਧ ਢੰਗ ਨਾਲ ਖੇਡਦਿਆਂ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾਉਣਗੀਆਂ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਅਕੈਡਮੀ ਦੇ ਖਿਡਾਰੀਆਂ ਨੇ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਮਨਾਏ।