Jalandhar: FBI ਦੀ ‘wanted’ ਸੂਚੀ ਵਿੱਚ ਸ਼ਾਮਲ ਅੰਮ੍ਰਿਤਪਾਲ ਦੇ ਪਰਿਵਾਰ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਨੂੰ ਨਕਾਰਿਆ
ਅੰਮ੍ਰਿਤਪਾਲ ਦੀ ਇੱਕ ਸਾਲ ਪਹਿਲਾਂ ਸੜਕ ਹਾਦਸੇ ਵਿੱਚ ਹੋ ਚੁੱਕੀ ਹੈ ਮੌਤ
ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ਼ ਬੀ ਆਈ) ਵੱਲੋਂ ਇੱਕ ਕੌਮਾਂਤਰੀ ਅਪਰਾਧਕ ਸੰਗਠਨ ਅਤੇ ਨਸ਼ਾ ਤਸਕਰੀ ਵਿੱਚ ਕਥਿਤ ਸ਼ਮੂਲੀਅਤ ਲਈ ਜਲੰਧਰ ਨਾਲ ਸਬੰਧਤ ਮ੍ਰਿਤਕ ਅੰਮ੍ਰਿਤਪਾਲ ਸਿੰਘ ਦਾ ਨਾਮ "ਲੋੜੀਂਦੇ" (ਵਾਂਟੇਡ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਇਸ ਮਾਮਲੇ 'ਤੇ ਅੰਮ੍ਰਿਤਪਾਲ ਦੇ ਪਰਿਵਾਰ ਨੇ ਵੀਰਵਾਰ ਨੂੰ ਇਸ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅੰਮ੍ਰਿਤਪਾਲ ਦੇ ਪੈਸਿਆਂ ਦੇ ਲੈਣ-ਦੇਣ ਦੀ ਪੜਤਾਲ ਕਰਨ ਲਈ ਵੀ ਕਿਹਾ ਹੈ ਅਤੇ ਸਾਫ਼ ਕੀਤਾ ਹੈ ਕਿ ਉਹ ਆਪਣੀ ਜਾਇਦਾਦ ਅਤੇ ਖਾਤਿਆਂ ਦੀ ਜਾਂਚ ਕਰਵਾਉਣ ਲਈ ਵੀ ਤਿਆਰ ਹਨ।
ਅੰਮ੍ਰਿਤਪਾਲ ਦਾ ਨਾਮ ਉਸਦੀ ਮੌਤ ਤੋਂ ਇਕ ਸਾਲ ਤੋਂ ਵੱਧ ਸਮੇਂ ਬਾਅਦ ਐੱਫ ਬੀ ਆਈ ਦੀ ਸੂਚੀ ਵਿੱਚ ਸਾਹਮਣੇ ਆਇਆ ਹੈ।
ਅੰਮ੍ਰਿਤਪਾਲ, ਜਲੰਧਰ ਦੇ ਫਿਲੌਰ ਵਿੱਚ ਪੈਂਦੇ ਪਿੰਡ ਮੋਹਈ ਦਾ ਵਸਨੀਕ ਸੀ। ਪਿੰਡ ਵਿੱਚ ਉਸਦੀ ਤਸਵੀਰ ਐੱਫ ਬੀ ਆਈ ਵੱਲੋਂ ਆਪਣੀ "ਲੋੜੀਂਦੇ" (ਵਾਂਟੇਡ) ਸੂਚੀ ਵਿੱਚ ਪਾਈ ਗਈ ਬਿਨਾਂ ਦਸਤਾਰ ਵਾਲੀ ਫੋਟੋ ਤੋਂ ਬਿਲਕੁਲ ਵੱਖਰੀ ਹੈ, ਜਿਸ ਕਾਰਨ ਉਸਦੇ ਆਪਣੇ ਪਿੰਡ ਵਿੱਚ ਰੋਹ ਪੈਦਾ ਹੋ ਗਿਆ ਹੈ।
ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਪਾਲ ਦੀ ਮੌਤ 19 ਫਰਵਰੀ 2025 ਨੂੰ ਫਿਲੌਰ ਦੇ ਪਿੰਡ ਮੋਹਈ ਵਿਖੇ ਇੱਕ ਸੜਕ ਹਾਦਸੇ ਵਿੱਚ ਹੋ ਗਈ ਸੀ, ਜਦੋਂ ਉਹ ਅਮਰੀਕਾ ਤੋਂ ਆਪਣੇ ਘਰ ਆਇਆ ਹੋਇਆ ਸੀ। ਹਾਦਸੇ ਵੇਲੇ ਉਹ ਮੋਟਰਸਾਈਕਲ 'ਤੇ ਸਵਾਰ ਸੀ ਅਤੇ ਉਸ ਦਾ ਮੋਟਰਸਾਈਕਲ ਪਿੰਡ ਦੀ ਸੜਕ 'ਤੇ ਉਸ ਦੀ ਆਪਣੀ ਹੀ ਟਰੈਕਟਰ ਟਰਾਲੀ ਨਾਲ ਟਕਰਾ ਗਿਆ ਸੀ, ਜਿਸ ਨੂੰ ਇੱਕ ਰੱਖਿਆ ਹੋਇਆ ਡਰਾਈਵਰ ਚਲਾ ਰਿਹਾ ਸੀ।
ਪਰਿਵਾਰ ਨੇ ਕਿਹਾ ਕਿ ਉਹ ਭਾਰਤ ਵਿੱਚ ਹੀ ਰਹਿਣ ਲਈ ਉਤਸੁਕ ਸੀ।
ਅੰਮ੍ਰਿਤਪਾਲ ਦੇ ਪਿਤਾ ਹਰਵਿੰਦਰ ਸਿੰਘ ਨੇ ਕਿਹਾ, "ਅੰਮ੍ਰਿਤਪਾਲ ਇੱਕ ਰੱਬ ਤੋਂ ਡਰਨ ਵਾਲਾ ਇਨਸਾਨ ਸੀ ਜੋ ਇਮਾਨਦਾਰੀ ਨਾਲ ਕੰਮ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ। ਜਦੋਂ ਅਸੀਂ ਐੱਫ ਬੀ ਆਈ ਦੀ ਸੂਚੀ ਦੇਖੀ ਤਾਂ ਸਾਡੇ ਲਈ ਇਹ ਇੱਕ ਵੱਡਾ ਝਟਕਾ ਸੀ। ਐੱਫ ਬੀ ਆਈ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਜੇ ਉਹ ਅਜਿਹੇ ਧੰਦੇ ਵਿੱਚ ਸੀ, ਤਾਂ ਉਸਦਾ ਪੈਸਾ ਕਿੱਥੇ ਹੈ ਅਤੇ ਉਸਨੇ ਕਿਸ ਨੂੰ ਦਿੱਤਾ। ਏਜੰਸੀ ਮੇਰੀਆਂ ਜਾਇਦਾਦਾਂ ਅਤੇ ਖਾਤਿਆਂ ਜਾਂ ਉਸਦੇ ਵੱਡੇ ਭਰਾ ਦੀਆਂ ਜਾਇਦਾਦਾਂ ਦੀ ਜਾਂਚ ਕਰ ਸਕਦੀ ਹੈ। ਸਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਕੋਈ ਇਤਿਹਾਸ ਨਹੀਂ ਹੈ।"
ਉਨ੍ਹਾਂ ਕਿਹਾ, "ਅੰਮ੍ਰਿਤਪਾਲ 2022 ਵਿੱਚ ਅਮਰੀਕਾ ਗਿਆ ਸੀ। ਇਸ ਤੋਂ ਪਹਿਲਾਂ, ਉਹ ਇੱਥੇ ਆਪਣੀ ਜ਼ਮੀਨ 'ਤੇ ਖੇਤੀ ਕਰਦਾ ਸੀ। ਉੱਥੇ ਜਾਣ ਤੋਂ ਬਾਅਦ, ਉਸਨੇ ਗੁਜ਼ਾਰੇ ਲਈ ਟਰੱਕ ਚਲਾਏ। ਐੱਫ ਬੀ ਆਈ ਨੇ ਉਸਦੀ ਮੌਤ ਤੋਂ ਇੱਕ ਸਾਲ ਬਾਅਦ ਉਸਨੂੰ ਲੋੜੀਂਦਿਆਂ ਦੀ ਸੂਚੀ ਵਿੱਚ ਪਾਇਆ ਹੈ, ਜਦੋਂ ਉਹ ਆਪਣੇ ਬਚਾਅ ਵਿੱਚ ਕੁਝ ਨਹੀਂ ਬੋਲ ਸਕਦਾ। ਇਸ ਕੇਸ ਦੀ ਦੁਬਾਰਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮੈਂ ਆਪਣੇ ਪੈਸੇ ਅਤੇ ਜਾਇਦਾਦ ਦੀ ਵੀ ਪੜਤਾਲ ਕਰਨ ਦਾ ਸੱਦਾ ਦਿੰਦਾ ਹਾਂ।"
ਹਰਵਿੰਦਰ ਨੇ ਕਿਹਾ, "ਜਦੋਂ ਅੰਮ੍ਰਿਤਪਾਲ ਪਿਛਲੇ ਸਾਲ ਫਰਵਰੀ ਵਿੱਚ ਵਾਪਸ ਆਇਆ ਤਾਂ ਉਸਨੇ ਕਿਹਾ ਸੀ ਕਿ ਇੱਥੇ ਜੀਵਨ ਅਤੇ ਕੰਮ ਬਿਹਤਰ ਹੈ ਅਤੇ ਉਹ ਵਾਪਸ ਨਹੀਂ ਜਾਣਾ ਚਾਹੁੰਦਾ। ਉਹ ਕਾਨੂੰਨੀ ਤੌਰ 'ਤੇ, ਸਹੀ ਟਿਕਟਾਂ ਅਤੇ ਇਮੀਗ੍ਰੇਸ਼ਨ ਕਲੀਅਰੈਂਸ ਨਾਲ ਵਾਪਸ ਆਇਆ ਸੀ। ਜੇ ਉਹ ਤਸਕਰ ਸੀ, ਤਾਂ ਹਵਾਈ ਅੱਡੇ 'ਤੇ ਉਸਨੂੰ ਕਲੀਅਰੈਂਸ ਕਿਵੇਂ ਮਿਲ ਗਈ? ਉਹ ਅਮਰੀਕਾ ਤੋਂ ਆਪਣੀ ਕਮਾਈ ਵਿੱਚੋਂ 800 ਤੋਂ 900 ਡਾਲਰ ਲੈ ਕੇ ਆਇਆ ਸੀ ਅਤੇ ਉਸਨੇ ਮੈਨੂੰ ਦੇ ਦਿੱਤੇ ਸਨ। ਮੇਰੇ ਕੋਲ ਅਜੇ ਵੀ 400 ਡਾਲਰ ਬਚੇ ਹਨ।"
ਹਰਵਿੰਦਰ ਦਾ ਵੱਡਾ ਪੁੱਤਰ ਅਤਿੰਦਰ ਸਿੰਘ ਆਪਣੀ ਪਤਨੀ ਅਤੇ ਧੀ ਨਾਲ ਅਮਰੀਕਾ ਵਿੱਚ ਰਹਿੰਦਾ ਹੈ। ਹਰਵਿੰਦਰ ਦੀ ਪਤਨੀ ਬਲਜੀਤ ਕੌਰ ਮੋਹਈ ਪਿੰਡ ਦੀ ਮੌਜੂਦਾ ਸਰਪੰਚ ਹੈ।
ਪਿਛਲਾ ਕੇਸ
ਸਾਲ 2020 ਵਿੱਚ ਬਿਲਗਾ ਪੁਲੀਸ ਸਟੇਸ਼ਨ ਵਿਖੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਪਿਤਾ ਹਰਵਿੰਦਰ ਸਮੇਤ ਤਿੰਨ ਹੋਰਨਾਂ ਖ਼ਿਲਾਫ਼ ਇੱਕ ਪੁਰਾਣਾ ਕੇਸ ਦਰਜ ਹੋਇਆ ਸੀ। ਇਹ ਐੱਫ ਆਈ ਆਰ (FIR) ਆਈ ਪੀ ਸੀ (IPC) ਦੀਆਂ ਧਾਰਾਵਾਂ 323, 324, 148 ਅਤੇ 149 ਤਹਿਤ ਦਰਜ ਕੀਤੀ ਗਈ ਸੀ। ਜਲੰਧਰ ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਸਮਝੌਤਾ ਹੋਣ 'ਤੇ ਇਸ ਕੇਸ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਹਰਵਿੰਦਰ ਨੇ ਕਿਹਾ ਕਿ ਇਹ ਮਾਮਲਾ ਪਿੰਡ ਦੀ ਜਾਇਦਾਦ ਦੇ ਵਿਵਾਦ ਨਾਲ ਸਬੰਧਤ ਸੀ। ਜਲੰਧਰ ਦਿਹਾਤੀ ਪੁਲੀਸ ਅਨੁਸਾਰ ਅੰਮ੍ਰਿਤਪਾਲ ਵਿਰੁੱਧ ਕੋਈ ਹੋਰ ਕੇਸ ਦਰਜ ਨਹੀਂ ਹੈ।

