Jalandhar: LPU ਤੋਂ ਬਾਅਦ ਹੁਣ 'ਲਵਲੀ ਸਵੀਟਸ' ਦੇ ਬਾਹਰ 'ਆਪ' ਦਾ ਪ੍ਰਦਰਸ਼ਨ; ਗੱਦਾਰ ਲਿਖਣ ਦੀ ਕੀਤੀ ਕੋਸ਼ਿਸ਼
ਆਮ ਆਦਮੀ ਪਾਰਟੀ ਦੇ ਰੋਹ ਵਿੱਚ ਆਏ ਵਰਕਰਾਂ ਨੇ ਐਤਵਾਰ ਨੂੰ ਜਲੰਧਰ ਦੀ ਮਸ਼ਹੂਰ 'ਲਵਲੀ ਸਵੀਟਸ' ਦੇ ਸ਼ੀਸ਼ਿਆਂ 'ਤੇ ਲਾਲ ਰੰਗ ਮਲ ਦਿੱਤਾ। ਇਹ ਪ੍ਰਦਰਸ਼ਨ ਲਵਲੀ ਗਰੁੱਪ ਦੇ ਅਸ਼ੋਕ ਮਿੱਤਲ ਵਿਰੁੱਧ ਲਗਾਤਾਰ ਦੂਜੇ ਦਿਨ ਜਾਰੀ ਰਿਹਾ, ਜੋ ਕਿ ਰਾਜ ਸਭਾ...
ਆਮ ਆਦਮੀ ਪਾਰਟੀ ਦੇ ਰੋਹ ਵਿੱਚ ਆਏ ਵਰਕਰਾਂ ਨੇ ਐਤਵਾਰ ਨੂੰ ਜਲੰਧਰ ਦੀ ਮਸ਼ਹੂਰ 'ਲਵਲੀ ਸਵੀਟਸ' ਦੇ ਸ਼ੀਸ਼ਿਆਂ 'ਤੇ ਲਾਲ ਰੰਗ ਮਲ ਦਿੱਤਾ। ਇਹ ਪ੍ਰਦਰਸ਼ਨ ਲਵਲੀ ਗਰੁੱਪ ਦੇ ਅਸ਼ੋਕ ਮਿੱਤਲ ਵਿਰੁੱਧ ਲਗਾਤਾਰ ਦੂਜੇ ਦਿਨ ਜਾਰੀ ਰਿਹਾ, ਜੋ ਕਿ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਛੇ ਹੋਰ 'ਆਪ' ਰਾਜ ਸਭਾ ਮੈਂਬਰਾਂ ਸਮੇਤ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ‘ਆਪ’ ਵਰਕਰਾਂ ਨੇ ਮਿੱਤਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮਿਠਾਈ ਦੀ ਇਸ ਇਤਿਹਾਸਕ ਦੁਕਾਨ ਦੇ ਬਾਹਰ ਪੁਤਲਾ ਵੀ ਫੂਕਿਆ।
ਜਲੰਧਰ ਵਿੱਚ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਜਾਣ ਤੋਂ ਬਾਅਦ ਅਸ਼ੋਕ ਮਿੱਤਲ ਅਤੇ ਹਰਭਜਨ ਸਿੰਘ ਪਿਛਲੇ ਦੋ ਦਿਨਾਂ ਤੋਂ ‘ਆਪ’ ਵਰਕਰਾਂ ਦੇ ਗੁੱਸੇ ਦਾ ਨਿਸ਼ਾਨਾ ਬਣੇ ਹੋਏ ਹਨ।
ਸ਼ਨਿੱਚਰਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟਾਂ 'ਤੇ ਸਪਰੇਅ ਪੇਂਟ ਨਾਲ ਗੱਦਾਰ ਲਿਖਣ ਤੋਂ ਬਾਅਦ, ‘ਆਪ’ ਵਰਕਰਾਂ ਨੇ ਐਤਵਾਰ ਨੂੰ ਫਿਰ ਤੋਂ ਲਾਲ ਰੰਗ ਦੇ ਡੱਬਿਆਂ ਨਾਲ ਮਿਠਾਈ ਦੀ ਦੁਕਾਨ ਦੇ ਸ਼ੀਸ਼ਿਆਂ 'ਤੇ ਗੱਦਾਰ ਲਿਖਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੰਜਾਬ ਪੁਲੀਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਖਿੱਚ-ਧੂਹ ਦੌਰਾਨ ਦੁਕਾਨ ਦੇ ਸ਼ੀਸ਼ਿਆਂ 'ਤੇ ਲਾਲ ਰੰਗ ਦੇ ਧੱਬੇ ਪੈ ਗਏ।
ਵਰਕਰਾਂ ਨੇ ਮਿੱਤਲ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਹੋਰ 'ਆਪ' ਸੰਸਦ ਮੈਂਬਰਾਂ ਦੇ ਪੋਸਟਰਾਂ ਸਮੇਤ ਇੱਕ ਪੁਤਲਾ ਫੂਕਿਆ। ਉੱਥੇ ਹੀ ਹਰਭਜਨ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਅਤੇ ਸੀ.ਆਰ.ਪੀ.ਐਫ (CRPF) ਦੇ ਜਵਾਨਾਂ ਨੇ ਘਰ ਤੋਂ ਦੂਰ ਰੱਖਿਆ।
ਜ਼ਿਕਰਯੋਗ ਹੈ ਕਿ 'ਲਵਲੀ ਸਵੀਟਸ' ਲਵਲੀ ਗਰੁੱਪ ਦਾ ਸਭ ਤੋਂ ਪਹਿਲਾ ਕਾਰੋਬਾਰ ਹੈ, ਜਿੱਥੋਂ ਪੰਜਾਬ ਵਿੱਚ ਇਨ੍ਹਾਂ ਦੇ ਕੰਮਕਾਜ ਦੀ ਸ਼ੁਰੂਆਤ ਹੋਈ ਸੀ। ਲਵਲੀ ਗਰੁੱਪ ਨੇ ਇਸੇ ਨੀਂਹ ਦੇ ਸਿਰ 'ਤੇ ਤਰੱਕੀ ਕੀਤੀ ਅਤੇ ਬਾਅਦ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਰਾਹੀਂ ਪੜ੍ਹਾਈ ਦੇ ਖੇਤਰ ਵਿੱਚ ਵੀ ਵੱਡਾ ਨਾਮ ਬਣਾਇਆ। ਯੂਨੀਵਰਸਿਟੀ ਤੋਂ ਇਲਾਵਾ, ਲਵਲੀ ਗਰੁੱਪ ਅੱਜ ਮਿਠਾਈਆਂ, ਬੇਕਰੀ, ਫਰਨੀਚਰ, ਸੈਨੀਟੇਸ਼ਨ ਅਤੇ ਕਈ ਹੋਰ ਖੇਤਰਾਂ ਵਿੱਚ ਕਾਰੋਬਾਰ ਚਲਾ ਰਿਹਾ ਹੈ।

