ਜਾਂਚ ਜਾਂ ਚੋਣਵਾਂ ਨਿਸ਼ਾਨਾ?: ਅਕਾਲੀ, ਕਾਂਗਰਸ ਤੇ ਹੁਣ 'ਆਪ', ਬੀਤੇ ਸਾਲਾਂ ਵਿੱਚ ਈਡੀ ਦੇ ਰਡਾਰ 'ਤੇ ਆਏ ਪੰਜਾਬ ਦੇ ਦਿੱਗਜ ਆਗੂ
ED Raids In Punjab: ਈਡੀ ਦੇ ਘੇਰੇ ਵਿੱਚ ਕੈਪਟਨ ਅਮਰਿੰਦਰ, ਚਰਨਜੀਤ ਚੰਨੀ, ਸਾਬਕਾ ਮੰਤਰੀ ਆਸ਼ੂ ਅਤੇ ਮਜੀਠੀਆ ਪਹਿਲਾਂ ਹੀ ਸ਼ਾਮਲ
ED Raids In Punjab: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਨ ਤੋਂ ਮਹਿਜ਼ 48 ਘੰਟੇ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ‘ਆਪ’ ਆਗੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਿਰੁੱਧ ਕੀਤੀ ਗਈ ਕਾਰਵਾਈ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੂਬੇ ਦੇ ਸਿਆਸੀ ਦ੍ਰਿਸ਼ ਵਿੱਚ ਤਰਥੱਲੀ ਮਚਾ ਦਿੱਤੀ ਹੈ।
ਇਨ੍ਹਾਂ ਲਗਾਤਾਰ ਕੀਤੀਆਂ ਗਈਆਂ ਕਾਰਵਾਈਆਂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ, ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ, ਸਹਿਜ ਕੇ ਕਦਮ ਰੱਖਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਅਜਿਹੀਆਂ ਜਾਂਚਾਂ ਦੇ ਸਮੇਂ ਨੂੰ ਸਿਆਸੀ ਤੌਰ 'ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਚੋਣ ਮੁਹਿੰਮਾਂ ਨੂੰ ਲੀਹੋਂ ਲਾਹੁਣ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਹੈ।
ਜਿਵੇਂ-ਜਿਵੇਂ ਜਾਂਚ ਚੱਲ ਰਹੀ ਹੈ ਸਿਆਸੀ ਹਲਕਿਆਂ ਵਿੱਚ ਅਗਲੇ ਸੰਭਾਵੀ ਨਾਵਾਂ ਅਤੇ ਸੱਤਾਧਾਰੀ ‘ਆਪ’ ਦੀ ਚੋਣ ਮੁਹਿੰਮ ’ਤੇ ਇਸ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੈ।
ਫਿਰ ਵੀ ਇਸ ਵਧ ਰਹੇ ਜਾਲ ਦੇ ਨਾਲ-ਨਾਲ ਇੱਕ ਉਲਟ ਬਿਰਤਾਂਤ ਵੀ ਕਾਇਮ ਹੈ। ਵਾਰ-ਵਾਰ ਹੋਣ ਵਾਲੀ ਛਾਪੇਮਾਰੀ ਅਤੇ ਲੰਬੇ ਸਮੇਂ ਤੋਂ ਬਿਨਾਂ ਕਿਸੇ ਸਿੱਟੇ ਦੇ ਚੱਲ ਰਹੀਆਂ ਜਾਂਚਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਗੂਆਂ ਨੂੰ ਸਪੱਸ਼ਟੀਕਰਨ ਦਿੱਤੇ ਬਿਨਾਂ ਸ਼ੱਕ ਦੇ ਘੇਰੇ ਵਿੱਚ ਰੱਖ ਕੇ 'ਚੋਣਵੇਂ ਨਿਸ਼ਾਨੇ' ਬਣਾਉਣ ਦੇ ਦੋਸ਼ਾਂ ਨੂੰ ਮਜ਼ਬੂਤ ਕੀਤਾ ਹੈ।
ਪਿਛਲੇ ਛੇ ਸਾਲਾਂ ਦੌਰਾਨ ਪੰਜਾਬ ਵਿੱਚ ਈਡੀ ਦਾ ਫੋਕਸ ਸਪੱਸ਼ਟ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਵੱਲ ਤਬਦੀਲ ਹੋ ਗਿਆ ਹੈ। ਕਈ ਆਗੂਆਂ ਜਿਨ੍ਹਾਂ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਕਾਂਗਰਸੀ ਵਿਧਾਇਕ (ਲੁਧਿਆਣਾ ਪੱਛਮੀ) ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ, ਨੂੰ ਪਿਛਲੇ ਕੁਝ ਸਾਲਾਂ ਵਿੱਚ ਕੇਂਦਰੀ ਏਜੰਸੀ ਵੱਲੋਂ ਗ੍ਰਿਫ਼ਤਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਖਹਿਰਾ ਦੇ ਚੰਡੀਗੜ੍ਹ ਸਥਿਤ ਘਰ ਨੂੰ ਵੀ ਆਰਜ਼ੀ ਤੌਰ 'ਤੇ ਕੁਰਕ ਕੀਤਾ ਗਿਆ ਹੈ।
ਈਡੀ ਦੇ ਰਾਡਾਰ 'ਤੇ ਪੰਜਾਬ ਦੇ ਆਗੂਆਂ ਦੀ ਸੂਚੀ ਬਹੁਤ ਲੰਬੀ ਹੈ। ਕੁਝ ਵੱਡੇ ਨਾਵਾਂ ਵਿੱਚ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ, ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਸ਼ਾਮਲ ਹਨ।
ਚੰਨੀ ਦੀ ਪਤਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਵੀ 2022 ਦੀਆਂ ਚੋਣਾਂ ਤੋਂ ਮਹਿਜ਼ ਕੁਝ ਹਫ਼ਤੇ ਪਹਿਲਾਂ ਰੇਤ ਦੀ ਨਾਜਾਇਜ਼ ਮਾਈਨਿੰਗ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਚੰਨੀ ਆਪਣੀਆਂ ਦੋਵੇਂ ਸੀਟਾਂ—ਚਮਕੌਰ ਸਾਹਿਬ ਅਤੇ ਭਦੌੜ—ਤੋਂ ਚੋਣ ਹਾਰ ਗਏ ਸਨ।
ਪੰਜਾਬ ਵਿੱਚ ਈਡੀ ਦੀ ਸਰਗਰਮੀ 2014-16 ਦੀ ਹੈ ਜਦੋਂ ਈਡੀ ਅਧਿਕਾਰੀ ਨਿਰੰਜਨ ਸਿੰਘ (ਹੁਣ ਸੇਵਾਮੁਕਤ) ਨੇ ਕਥਿਤ ਕਰੋੜਾਂ ਰੁਪਏ ਦੇ ਭੋਲਾ ਡਰੱਗ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ (ਹੁਣ ਸਵਰਗੀ), ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਵੀਰ ਫਿਲੌਰ, ਸਾਬਕਾ ਸੀਪੀਐਸ ਅਵਿਨਾਸ਼ ਚੰਦਰ (ਹੁਣ ਭਾਜਪਾ ਵਿੱਚ), ਉਨ੍ਹਾਂ ਦੇ ਭਰਾ ਸਟੀਵਨ ਕਲੇਰ (ਹੁਣ ‘ਆਪ’ ਵਿੱਚ) ਵਰਗੇ ਆਗੂਆਂ ਨੂੰ PMLA ਦੀਆਂ ਉਲੰਘਣਾਵਾਂ ਦਾ ਮੁਲਾਂਕਣ ਕਰਨ ਲਈ ਤਲਬ ਕੀਤਾ ਗਿਆ ਸੀ।
ਹਾਲਾਂਕਿ, ਇਸ ਵਧ ਰਹੇ ਜਾਲ ਦੇ ਨਾਲ-ਨਾਲ ਇੱਕ ਉਲਟ ਬਿਰਤਾਂਤ ਵੀ ਕਾਇਮ ਹੈ। ਵਾਰ-ਵਾਰ ਹੋਣ ਵਾਲੀ ਛਾਪੇਮਾਰੀ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਬੇਸਿੱਟਾ ਜਾਂਚਾਂ ਨੇ ਚੋਣਵੇਂ ਨਿਸ਼ਾਨੇ ਬਣਾਉਣ ਦੇ ਦੋਸ਼ਾਂ ਨੂੰ ਬਲ ਦਿੱਤਾ ਹੈ, ਜਿਸ ਨਾਲ ਆਗੂਆਂ ਨੂੰ ਬਿਨਾਂ ਕਿਸੇ ਸਿੱਟੇ ਦੇ ਸ਼ੱਕ ਦੇ ਘੇਰੇ ਵਿੱਚ ਰੱਖਿਆ ਜਾ ਰਿਹਾ ਹੈ।

