ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲਕਦਮੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਨਗਰ ਨਿਗਮ ਵੱਲੋਂ ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸਹਿਯੋਗ ਨਾਲ ਐਤਵਾਰ ਨੂੰ ਗੋਪਾਲ ਨਗਰ ਇਲਾਕੇ ਵਿੱਚ ਨਸ਼ਾ ਤਸਕਰੀ ਨਾਲ ਸਬੰਧਤ ਦੋ ਭਰਾਵਾਂ ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪ੍ਰਲਾਦ ਕੁਮਾਰ ਤੇ ਸੋਮਨਾਥ ਉਰਫ਼ ਮੰਨਾ ਵਾਸੀ ਗੋਪਾਲ ਨਗਰ ਜਲੰਧਰ ਦੀ ਗੈਰਕਾਨੂੰਨੀ ਜਾਇਦਾਦ ਢਾਹੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਲਾਦ ਕੁਮਾਰ ਅਤੇ ਸੋਮਨਾਥ ਉਰਫ ਮੰਨਾ ਦੋਵੇਂ ਨਸ਼ਾ ਤਸਕਰ ਹਨ ਜਿਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤੇ ਹੋਰ ਤਹਿਤ 10 ਮੁਕੱਦਮੇ ਦਰਜ ਹਨ।
ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਹ ਕਾਰਵਾਈ ਡਰੱਗ ਮਾਫੀਆ ਲਈ ਸਖ਼ਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰਕਾਨੂੰਨੀ ਜਾਇਦਾਦਾਂ ਢਾਹ ਕੇ ਨਾ ਸਿਰਫ਼ ਕਾਨੂੰਨ ਦੀ ਪਾਲਣਾ ਕਰਵਾਈ ਜਾ ਰਹੀ ਹੈ ਸਗੋਂ ਆਸ-ਪਾਸ ਦੇ ਇਲਾਕਿਆਂ ਨੂੰ ਨਸ਼ੀਲੇ ਪਦਾਰਥਾਂ ਦੇ ਚੰਗਲ ਤੋਂ ਮੁਕਤ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਮਿਸ਼ਨਰੇਟ ਪੁਲਿਸ ਦੀ ਨਸ਼ਿਆਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਨਾਗਰਿਕਾਂ ਨੂੰ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ਰਾਹੀਂ ਨਸ਼ਿਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਸਥਾਨਕ ਨਿਵਾਸੀਆਂ ਨੇ ਜਲੰਧਰ ਕਮਿਸ਼ਨਰੇਟ ਪੁਲੀਸ ਦੇ ਇਸ ਕਦਮ ਦਾ ਸਵਾਗਤ ਕੀਤਾ।

