ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਰਾਜ ਭਾਸ਼ਾ ਕਮਿਸ਼ਨ ਬਣਾਉਣ ਅਤੇ ਲਾਇਬ੍ਰੇਰੀ ਐਕਟ ਲਾਗੂ ਕਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਸਥਾਨਕ ਲਾਇਲਪੁਰ ਖਾਲਸਾ ਕਾਲਜ ਵਿੱਚ ਪੰਜਾਬ ਲੋਕ ਮੰਚ ਅਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਪੰਜਾਬੀ ਭਾਸ਼ਾ ਦੀ ਹੋਰ ਬਿਹਤਰੀ ਲਈ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੋਵੇਂ ਅਹਿਮ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾਵੇਗਾ। ਪੰਜਾਬ ਲੋਕ ਮੰਚ ਅਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਸਾਂਝੇ ਤੌਰ ’ਤੇ ਦਿੱਤੇ ਲਾਇਬ੍ਰੇਰੀ ਐਕਟ ਦੇ ਖਰੜੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਐਕਟ ਬਣਾਉਣ ਲਈ ਵੱਖ-ਵੱਖ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਹੋਰਨਾਂ ਸਬੰਧਤ ਧਿਰਾਂ ਦੇ ਵਿਚਾਰ ਲਏ ਜਾ ਰਹੇ ਹਨ। ਸਮਾਗਮ ਦੌਰਾਨ ਮੰਤਰੀ ਦਾ ‘ਪੰਜਾਬ ਦਾ ਮਾਣ’ ਐਵਾਰਡ ਨਾਲ ਸਨਮਾਨ ਕਰਨ ਲਈ ਪਰਗਟ ਸਿੰਘ ਨੇ ਕਿਹਾ ਕਿ ਅਜਿਹੇ ਮਾਣ-ਸਨਮਾਨ ਮਿਲਣ ਨਾਲ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ। ਦੋਵੇਂ ਸੰਸਥਾਵਾਂ ਵੱਲੋਂ ਪਰਗਟ ਸਿੰਘ ਦਾ ਐਵਾਰਡ, ਸਨਮਾਨ ਚਿੰਨ੍ਹ, ਲੋਈ ਅਤੇ ਇਕ ਲੱਖ ਰੁਪਏ ਨਾਲ ਸਨਮਾਨ ਕੀਤਾ ਗਿਆ। ਪੰਜਾਬੀ ਦੇ ਸ਼ਾਇਰ ਸੁਰਜੀਤ ਪਾਤਰ ਨੂੰ ‘ਆਪਣੀ ਆਵਾਜ਼ ਪੁਰਸਕਾਰ 2021’ ਨਾਲ ਸਨਮਾਨਿਤ ਕੀਤਾ ਗਿਆ। ਕਵਿੱਤਰੀ ਸੁਰਿੰਦਰ ਗਿੱਲ ਜੈਪਾਲ ਨੂੰ ‘ਕਾਵਿ ਲੋਕ ਪੁਰਸਕਾਰ 2020’ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਜ਼ਿਲ੍ਹਾ ਭਾਸ਼ਾ ਅਫਸਰਾਂ ਨੂੰ ‘ਮਾਤ ਭਾਸ਼ਾ ਸੇਵਾ ਪੁਰਸਕਾਰ’ ਦਿੱਤੇ ਗਏ। ਸ੍ਰੀ ਪਾਤਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਵਿਸਥਾਰ ਲਈ ਚੁੱਕੇ ਲਾਮਿਸਾਲ ਕਦਮਾਂ ਦੀ ਸ਼ਲਾਘਾ ਕੀਤੀ। ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਸਤਨਾਮ ਮਾਣਕ ਨੇ ਲਾਇਬ੍ਰੇਰੀ ਐਕਟ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।