ਜਲੰਧਰ (ਪਾਲ ਸਿੰਘ ਨੌਲੀ): ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ (42) ਨੂੰ ਅੱਜ ਦਿਨ ਦਿਹਾੜੇ ਕੁਝ ਕਾਰ ਸਵਾਰਾਂ ਨੇ ਉਸ ਵੇਲੇ ਗੋਲੀਆਂ ਮਾਰੀਆਂ ਜਦੋਂ ਉਹ ਆਪਣੇ ਬੁਲੇਟ ਮੋਟਰ ਸਾਈਕਲ ’ਤੇ ਜਾ ਰਿਹਾ ਸੀ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਮੀਤ ਸਿੰਘ ਦੇ 8 ਗੋਲੀਆਂ ਲੱਗੀਆਂ ਸਨ ਜਦਕਿ ਘਟਨਾ ਵਾਲੀ ਥਾਂ ’ਤੇ 12 ਦੇ ਕਰੀਬ ਗੋਲੀਆਂ ਚੱਲੀਆਂ ਸਨ। ਸੁਖਮੀਤ ਡਿਪਟੀ ਬਲਾਕ ਯੂਥ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਸੀ ਤੇ ਉਸ ਨੇ ਕਾਂਗਰਸ ਦੀ ਟਿਕਟ ’ਤੇ ਕੌਂਸਲਰ ਦੀ ਚੋਣ ਵੀ ਜਿੱਤੀ ਸੀ। ਇਹ ਘਟਨਾ ਗਾਜ਼ੀ ਗੁੱਲਾ ਮਹੁੱਲੇ ਦੇ ਗੋਪਾਲ ਨਗਰ ਸ੍ਰੀ ਕ੍ਰਿਸ਼ਨ ਮੁਰਾਰੀ ਮੰਦਰ ਨੇੜੇ ਵਾਪਰੀ। ਸੁਖਮੀਤ ਸਿੰਘ ਮੋਟਰ ਸਾਈਕਲ ’ਤੇ ਜਾ ਰਿਹਾ ਸੀ ਤਾਂ ਇੱਕ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਉਹ ਡਿੱਗ ਪਿਆ ਤਾਂ ਕਾਰ ਵਿੱਚੋਂ ਤਿੰਨ-ਚਾਰ ਜਣੇ ਉਤਰੇ ’ਤੇ ਉਨ੍ਹਾਂ ਡਿਪਟੀ ਸੁਖਮੀਤ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਸੁਖਮੀਤ ਨੂੰ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2008 ਵਿੱਚ ਪਹਿਲਾਂ ਸੁਖਮੀਤ ਨੇ ਇੱਕ ਕਲੋਨਾਈਜ਼ਰ ਦੇ ਲੜਕੇ ਨੂੰ ਅਗਵਾ ਕਰਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਲਈ ਸੀ। ਇਸ ਕੇਸ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ। ਉਹ ਸਜ਼ਾ ਭੁਗਤ ਕੇ ਜੇਲ੍ਹ ਵਿੱਚੋਂ ਬਾਹਰ ਆ ਗਿਆ ਸੀ। ਸੁਖਮੀਤ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ। ਕਮਿਸ਼ਨਰੇਟ ਪੁਲੀਸ ਇਹ ਪਤਾ ਲਗਾਉਣ ਵਿੱਚ ਲੱਗ ਗਈ ਹੈ ਕਿ ਸੁਖਮੀਤ ’ਤੇ ਗੋਲੀਆਂ ਕਿਸ ਧਿਰ ਨੇ ਚਲਾਈਆਂ ਹਨ।
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd